ਅੰਮ੍ਰਿਤਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਲੰਦਨ ਤੋਂ ਦੇਸ਼ ਪਰਤਦੇ ਹੀ ਲਾਹੌਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪਿਉ-ਧੀ ਦੇ ਪਾਸਪੋਰਟ ਦੇਸ਼ ਦੀ ਕੌਮੀ ਜਵਾਬਦੇਹੀ ਬਿਊਰੋ (ਐਨਏਬੀ) ਦੇ ਅਧਿਕਾਰੀਆਂ ਨੇ ਜ਼ਬਤ ਕਰ ਲਏ। ਸ਼ਰੀਫ਼ ਪਿਓ-ਧੀ ਲੰਦਨ ਤੋਂ ਆਬੂਧਾਬੀ ਰਾਹੀਂ ਹੁੰਦੇ ਹੋਏ ਲਾਹੌਰ ਪਹੁੰਚੇ ਸਨ। ਉਨ੍ਹਾਂ ਨੂੰ ਹਵਾਈ ਅੱਡੇ ’ਤੇ ਸ਼ਰੀਫ਼ ਦੀ ਮਾਂ ਬੇਗ਼ਮ ਸ਼ਮੀਮ ਅਖ਼ਤਰ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਲੰਦਨ ਵਿੱਚ ਸ਼ਰੀਫ਼ ਦੀ ਪਤਨੀ ਕੁਲਸੂਮ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਜ਼ੇਰੇ-ਇਲਾਜ ਹੈ। ਸ਼ਰੀਫ਼ ਦੀ ਗ੍ਰਿਫ਼ਤਾਰੀ ਦਾ ਪਾਕਿਸਤਾਨ ਵਿੱਚ 25 ਜੁਲਾਈ ਆਉਣ ਵਾਲੀਆਂ ਆਮ ਚੋਣਾਂ ਦਾ ਸਿੱਧਾ ਅਸਰ ਪੈ ਸਕਦਾ ਹੈ।

ਕਿੱਥੇ ਕੈਦ ਹਨ ਨਵਾਜ਼ ਤੇ ਮਰੀਅਮ

ਗ੍ਰਿਫ਼ਤਾਰੀ ਤੋਂ ਬਾਅਦ ਸ਼ਰੀਫ਼ ਨੂੰ ਰਾਵਲਪਿੰਡੀ ਦੀ ਅਡਿਆਲਾ ਸਥਿਤ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ, ਜਦੋਂਕਿ ਬੀਬੀ ਮਰੀਅਮ ਨੂੰ ਅੱਜ ਦੀ ਰਾਤ ਇਸਲਾਮਾਬਾਦ ਦੇ ਬਾਹਰਵਾਰ ਸਿਹਾਲਾ ਰੈਸਟ ਹਾਊਸ ਵਿੱਚ ਰੱਖਣ ਦਾ ਫ਼ੈਸਲਾ ਲਿਆ ਗਿਆ। ਇਸ ਮਕਸਦ ਲਈ ਰੈਸਟ ਹਾਊਸ ਨੂੰ ਸਬ ਜੇਲ੍ਹ ਦਾ ਦਰਜਾ ਦੇ ਕੇ ਉੱਥੋਂ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ।

ਲਾਹੌਰ ਦੀਆਂ ਸੜਕਾਂ 'ਤੇ ਉੱਤਰੇ ਲੋਕ

ਪਿਓ-ਧੀ ਦੀ ਗ੍ਰਿਫ਼ਤਾਰੀ ਹੁੰਦੇ ਸਾਰ ਲਾਹੌਰ ਦੀਆਂ ਸੜਕਾਂ ’ਤੇ ਲੋਕਾਂ ਦਾ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ, ਜਿਸ ਕਾਰਨ ਕਈ ਥਾਈਂ ਭੰਨ-ਤੋੜ ਅਤੇ ਸੁਰੱਖਿਆ ਨਾਲ ਹੱਥੋਪਾਈ ਹੋਈ। ਇਸ ਕਾਰਨ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਕਈ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪੰਜਾਬ ਵਿੱਚ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ 10 ਹਜ਼ਾਰ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਸਨ।



ਕਿਸ ਮਾਮਲੇ 'ਚ ਕਿੰਨੀ ਸਜ਼ਾ?

68 ਸਾਲਾ ਨਵਾਜ਼ ਸ਼ਰੀਫ਼ ਤੇ 44 ਸਾਲਾ ਮਰੀਅਮ ਨੂੰ ਦੇਸ਼ ਦੀ ਭ੍ਰਿਸ਼ਟਾਚਾਰ-ਰੋਕੂ ਅਦਾਲਤ ਨੇ ਬੀਤੀ 6 ਜੁਲਾਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ ਦਿੰਦਿਆਂ ਕ੍ਰਮਵਾਰ ਦਸ ਤੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਮਰੀਅਮ ਦੇ ਪਤੀ ਕੈਪਟਨ (ਸੇਵਾਮਕੁਤ) ਸਫ਼ਦਰ ਨੂੰ ਵੀ ਇੱਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 100 ਪੰਨੇ ਦੇ ਫ਼ੈਸਲੇ ਵਿੱਚ ਸ਼ਰੀਫ 'ਤੇ ਇੱਕ ਕਰੋੜ ਡਾਲਰ ਦਾ ਜ਼ੁਰਮਾਨਾ ਲਾਇਆ ਗਿਆ ਹੈ ਜਦਕਿ ਮਰੀਅਮ 'ਤੇ 26 ਲੱਖ ਡਾਲਰ ਦਾ ਜ਼ੁਰਮਾਨਾ ਲੱਗਾ ਹੈ। ਪਨਾਮਾ ਗੇਟ ਮਾਮਲੇ ਵਿੱਚ ਨਵਾਜ਼ ਸ਼ਰੀਫ਼ ਵਿਰੁੱਧ ਤਿੰਨ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਲੰਦਨ ਸਥਿਤ ਏਵਨਫੀਲਡ ਅਪਾਰਟਮੈਂਟ ਨਾਲ ਜੁੜਿਆ ਹੋਇਆ ਹੈ। ਇਸੇ ਮਾਮਲੇ ਵਿੱਚ ਦੋਵਾਂ ਨੂੰ ਸਜ਼ਾ ਹੋਈ ਹੈ, ਅਦਾਲਤ ਨੇ ਇਸ ਅਪਾਰਟਮੈਂਟ ਨੂੰ ਵੀ ਜ਼ਬਤ ਕਰਨ ਦੇ ਹੁਕਮ ਦਿੱਤੇ ਹੋਏ ਹਨ।

ਹੁਣ ਕੀ ਕਰਨਗੇ ਨਵਾਜ਼ ਸ਼ਰੀਫ਼?

ਕੋਰਟ ਦੇ ਫੈਸਲੇ ਤੋਂ ਬਾਅਦ ਨਵਾਜ਼ ਸ਼ਰੀਫ਼ ਦੇ ਭਾਈ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਦਾ ਚੋਣਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਨਿਆਂ ਲਈ ਸਾਰੇ ਕਾਨੂੰਨੀ ਤੇ ਸੰਵਿਧਾਨਕ ਪਹਿਲੂਆਂ 'ਤੇ ਵਿਚਾਰ ਕਰਾਂਗੇ ਤੇ ਨਵਾਜ਼ ਬਹਾਦੁਰੀ ਨਾਲ ਲੜਨਗੇ।ਨਵਾਜ਼ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਲੋਕਾਂ ਦੇ ਨਾਂਅ ਸੰਦੇਸ਼ ਜਾਰੀ ਕਰ ਰਿਹਾ ਸੀ ਕਿ ਉਹ ਆਉਣ ਵਾਲੀਆਂ ਨਸਲਾਂ ਲਈ ਕੁਰਬਾਨੀ ਦੇਣ ਜਾ ਰਿਹਾ ਹਾਂ।

ਨਵਾਜ਼ ਦੇ ਦੋਹਤੇ ਤੇ ਪੋਤੇ ਗ੍ਰਿਫ਼ਤਾਰ

ਪੁਲੀਸ ਨੇ ਨਵਾਜ਼ ਸ਼ਰੀਫ਼ ਦੇ ਦੋਹਤੇ ਤੇ ਪੋਤਰੇ ਨੂੰ ਮੁਜ਼ਾਹਰਾਕਾਰੀਆਂ ਨਾਲ ਹੱਥੋਪਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਮੁਜ਼ਾਹਰਾਕਾਰੀਆਂ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਦੋਹਤੇ ਜੁਨੈਦ ਸਫ਼ਦਰ ਤੇ ਪੋਤਰੇ ਜ਼ਕਰੀਆ ਵਿਚਕਾਰ ਤਕਰਾਰ ਹੱਥੋਪਾਈ ਵਿੱਚ ਤਬਦੀਲ ਹੋ ਗਈ ਸੀ।