ਅਟਾਰੀ: ਇਮਰਾਨ ਕੁਰੈਸ਼ੀ ਵਾਰਸੀ ਦੇ ਮਗਰੇ ਹੀ ਭਾਰਤ ਨੇ ਇੱਕ ਹੋਰ ਪਾਕਿਸਤਾਨੀ ਨਾਗਰਕ ਸ਼ੇਖ ਅਬਦੁੱਲਾ ਨੂੰ ਵੀ ਰਿਹਾਅ ਕਰ ਦਿੱਤਾ ਹੈ। ਇਹ ਦੋਵੇਂ ਪਿਛਲੇ ਸਮੇਂ ਤੋਂ ਭਾਰਤ ਦੀਆਂ ਦੋ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਸਨ। ਦੋਵੇਂ ਜਣੇ ਵਾਹਘਾ ਸਰਹੱਦ ਰਾਹੀਂ ਆਪਣੇ ਵਤਨ ਪਰਤ ਗਏ। ਇਮਰਾਨ ਕੁਰੈਸ਼ੀ ਵਾਰਸੀ ਭੋਪਾਲ ਜੇਲ੍ਹ ਵਿੱਚੋਂ ਰਿਹਾਅ ਹੋਇਆ ਜਦਕਿ ਸ਼ੇਖ ਅਬਦੁੱਲਾ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ। ਦੋਵਾਂ ਨੂੰ ਬੀਐਸਐਫ ਨੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕੀਤਾ।
ਇਮਰਾਨ ਕੁਰੈਸ਼ੀ ਵਾਰਸੀ 14 ਸਾਲ ਬਾਅਦ ਆਪਣੇ ਵਤਨ ਪਰਤਿਆ ਹੈ। ਇਸ ਦੇ ਬਾਵਜੂਦ ਉਸ ਦੇ ਦਿਲ ਵਿੱਚ ਇਸ ਗੱਲ ਦਾ ਦੁੱਖ ਰਹੇਗਾ ਕਿ ਉਸ ਦਾ ਪਰਿਵਾਰ ਭਾਰਤ ਵਿੱਚ ਰਹਿ ਗਿਆ। ਦਰਅਸਲ ਇਮਰਾਨ ਦਾ ਵਿਆਹ ਕੋਲਕਾਤਾ ਦੀ ਰਹਿਣ ਵਾਲੀ ਉਸ ਦੀ ਮਾਮੇ ਦੀ ਲੜਕੀ ਨਾਲ 2004 ਵਿੱਚ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ ਜੋ ਭਾਰਤ ਰਹਿ ਗਏ ਹਨ।
ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ਸ਼ਹਿਰ ਦਾ ਰਹਿਣ ਵਾਲਾ ਇਮਰਾਨ ਕੁਰੈਸ਼ੀ ਵਾਰਸੀ 2004 ਵਿੱਚ ਭਾਰਤ ਆਇਆ ਸੀ। ਇੱਥੇ ਆ ਕੇ ਉਸ ਨੇ ਆਪਣੇ ਮਾਮੇ ਦੀ ਲੜਕੀ ਨਾਲ ਵਿਆਹ ਰਚਾ ਲਿਆ। ਵਿਆਹ ਕਰਵਾਉਣ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਨੇ ਉਸ ਨੂੰ ਜਾਅਲੀ ਪੈਨ ਕਾਰਡ ਤੇ ਰਾਸ਼ਨ ਕਾਰਡ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ 10 ਸਾਲ ਦੀ ਸਜ਼ਾ ਹੋਈ ਸੀ। ਉਹ ਹੁਣ ਕਾਨੂੰਨ ਜ਼ਰੀਏ ਆਪਣੇ ਪਰਿਵਾਰ ਨੂੰ ਵਾਪਸ ਲੈ ਕੇ ਜਾਣ ਦੀ ਜਾਂ ਭਾਰਤ ਵਿੱਚ ਰਹਿਣ ਲਈ ਅਪਲਾਈ ਕਰੇਗਾ ਤੇ ਕਾਨੂੰਨੀ ਚਾਰਾਜੋਈ ਕਰੇਗਾ।
ਦੂਜਾ ਕੈਦੀ ਸ਼ੇਖ ਅਬਦੁੱਲਾ ਇੱਕੀਆਂ ਸਾਲਾਂ ਦਾ ਨੌਜਵਾਨ ਵਾਹਘਾ ਸਰਹੱਦ ਤੋਂ ਨਾਜਾਇਜ਼ ਤਰੀਕੇ ਨਾਲ ਭਾਰਤ ਦਾਖ਼ਲ ਹੋ ਗਿਆ ਸੀ। ਉੱਥੋਂ ਬੀਐਸਐਫ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਅੰਮ੍ਰਿਤਸਰ ਅਦਾਲਤ ਨੇ ਉਸ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ ਪਰ ਉਹ ਤਕਰੀਬਨ ਉੱਨੀਂ ਮਹੀਨਿਆਂ ਬਾਅਦ ਰਿਹਾਅ ਹੋਇਆ ਹੈ।
ਵਤਨ ਵਾਪਸ ਪਰਤਦਿਆਂ ਵਾਹਘਾ ਸਰਹੱਦ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਖ ਅਬਦੁੱਲਾ ਨੇ ਕਿਹਾ ਕਿ ਉਹ ਸ਼ਾਹਰੁਖ ਖਾਨ ਦਾ ਬਹੁਤ ਵੱਡਾ ਫੈਨ ਸੀ ਅਤੇ ਉਸ ਨੂੰ ਮਿਲਣ ਲਈ ਹੀ ਭਾਰਤ ਦਾਖ਼ਲ ਹੋਇਆ ਸੀ। ਉਸ ਨੇ ਕਿਹਾ ਕਿ ਉਹ ਭਾਰਤ ਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਦੁਬਾਰਾ ਭਾਰਤ ਆਉਣ ਦੀ ਕੋਸ਼ਿਸ਼ ਕਰੇਗਾ।