ਵੈਨਕੂਵਰ: ਬੀਤੇ ਦਿਨ 6 ਅਪ੍ਰੈਲ ਨੂੰ ਹੰਬੋਲਟ ਬਰੌਂਕਸ ਬੱਸ ਹਾਦਸੇ ਦੀ ਦੁਰਘਟਨਾ ਨੂੰ ਵਾਪਰਿਆਂ ਸਾਲ ਹੋ ਗਿਆ। ਇਸ ਮੌਕੇ ਕੈਨੇਡਾ ਵਿੱਚ ਬੇਹਦ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਕੱਲ੍ਹ ਹੰਬੋਲਟ ਬਰੌਂਕਸ ਬੱਸ ਹਾਦਸੇ ਪੀੜਤਾਂ ਲਈ ਮੈਮੋਰੀਅਲ ਸਰਵਿਸ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਸ਼ਾਮ 4:50 ਵਜੇ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਹ ਓਹੀ ਸਮਾਂ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ ਸੀ।
ਇਸ ਮੌਕੇ ਕੈਨੇਡਾ ਵਾਸੀਆਂ ਨੇ ਵੱਖੋ-ਵੱਖਰੇ ਤਰੀਕੇ ਨਾਲ ਬੱਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ 16 ਲੋਕਾਂ ਨੂੰ ਯਾਦ ਕੀਤਾ। ਮੋਮਬੱਤੀਆਂ ਜਗਾ ਕੇ, ਘਰਾਂ ਦੇ ਬਾਹਰ ਹਾਕੀ ਸਟਿਕਸ ਰੱਖ ਕੇ ਤੇ ਇਕੱਠ ਕਰਕੇ ਪੀੜਤਾਂ ਨੂੰ ਯਾਦ ਕੀਤਾ ਗਿਆ। ਕਈ ਲੋਕਾਂ ਨੇ ਤਾਂ ਇਸ ਹਾਦਸੇ ਸਬੰਧੀ ਆਪਣੇ ਸਰੀਰ 'ਤੇ ਟੈਟੂ ਵੀ ਬਣਵਾਏ।
ਯਾਦ ਰਹੇ 6 ਅਪ੍ਰੈਲ, 2018 ਨੂੰ ਵਾਪਰੇ ਇਸ ਕ੍ਰੈਸ਼ ਵਿੱਚ 16 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਵਿੱਚ ਜ਼ਿਆਦਾ ਹੰਬੋਲਟ ਬਰੌਂਕਸ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸਨ, ਜਦਕਿ 13 ਲੋਕ ਜ਼ਖ਼ਮੀ ਹੋਏ ਸਨ। ਕਈ ਲੋਕਾਂ ਨੇ ਘਰਾਂ ਦੇ ਬਾਹਰ ਤੇ ਖੰਭਿਆਂ ਦੇ ਨਾਲ ਆਪਣੀਆਂ ਹਾਕੀ ਸਟਿਕਸ ਰੱਖ ਕੇ ਪੀੜਤਾਂ ਨੂੰ ਯਾਦ ਕੀਤਾ।
ਦੱਸ ਦੇਈਏ ਰਹੇ ਇਸ ਘਟਨਾ ਵਿੱਚ ਸ਼ਾਮਲ ਟਰੱਕ ਚਾਲਕ ਪੰਜਾਬੀ ਨੌਜਵਾਨ ਜਸਕੀਰਤ ਸਿੱਧੂ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਿੱਧੂ ਨੇ ਖਤਰਨਾਕ ਡਰਾਈਵਿੰਗ ਸਬੰਧੀ ਖ਼ੁਦ 'ਤੇ ਲੱਗੇ 29 ਇਲਜ਼ਾਮ ਕਬੂਲ ਲਏ ਸੀ।