ਟੋਰੋਂਟੋ: ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ ਅਮਰੀਕੀ ਮੂਲ ਦੇ ਕੈਨੇਡੀਅਨ ਨਾਗਰਿਕ ਜੋੜੇ ਨੂੰ ਛੁਡਵਾ ਲਿਆ ਗਿਆ। ਪਾਕਿਸਤਾਨੀ ਫੌਜ ਨੇ ਬੀਤੇ ਬੁੱਧਵਾਰ ਕੈਟਲਨ ਤੇ ਉਸ ਦੇ ਪਤੀ ਜੋਸ਼ੂਆ ਨਾਲ ਉਨ੍ਹਾਂ ਦੇ 3 ਬੱਚਿਆਂ ਨੂੰ ਵੀ ਛੁਡਵਾਇਆ ਹੈ। ਇਸ ਜੋੜੇ ਨੂੰ 5 ਸਾਲ ਪਹਿਲਾਂ ਅਫਗਾਨਿਸਤਾਨ ਦੇ ਅੱਤਵਾਦੀਆਂ ਨੇ ਆਪਣੇ ਕਬਜ਼ੇ ਵਿੱਚ ਰੱਖ ਲਿਆ ਸੀ। ਇਸ ਦੌਰਾਨ 31 ਸਾਲਾ ਕੈਟਲਮ ਕੋਲਮੈਨ ਤੇ 34 ਸਾਲਾ ਜੋਸ਼ੂਆ ਬੋਇਲੇ ਨੇ 4 ਬੱਚੇ ਪੈਦਾ ਕੀਤੇ। ਇਨ੍ਹਾਂ ਵਿੱਚੋਂ ਇੱਕ ਨੂੰ ਅੱਤਵਾਦੀਆਂ ਨੇ ਉਨ੍ਹਾਂ ਦੇ ਸਾਹਮਣੇ ਹੀ ਕਤਲ ਕਰ ਦਿੱਤਾ। ਕੈਦ ਵਿੱਚ ਰਹਿਣ ਤੋਂ ਬਾਅਦ ਇਹ ਸਾਰੇ ਜਣੇ ਬੀਤੇ ਸ਼ੁੱਕਰਵਾਰ ਟੋਰਾਂਟੋ ਪਹੁੰਚੇ ਸਨ।


ਬੀਤੀ ਰਾਤ ਜੋਸ਼ੂਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਅਫ਼ਗਾਨਿਸਤਾਨ ਵਿੱਚ ਗ਼ਰੀਬ ਲੋਕਾਂ ਦੀ ਮਦਦ ਕਰਨ ਲਈ ਗਏ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਅਫ਼ਗਾਨਿਸਤਾਨ ਪਹੁੰਚੇ ਤਾਂ ਉਸ ਸਮੇਂ ਕੋਈ ਵੀ ਹੋਰ ਏਜੰਸੀ ਜਾਂ ਐਨ.ਜੀ.ਓ. ਤਾਲਿਬਾਨ ਪ੍ਰਭਾਵਿਤ ਇਲਾਕਿਆਂ ਤਕ ਨਹੀਂ ਸੀ ਪਹੁੰਚ ਰਹੀ। ਉਨ੍ਹਾਂ ਦੇ ਅਫ਼ਗਾਨਿਸਤਾਨ ਜਾਣ ਤੋਂ ਕੁਝ ਸਮੇਂ ਬਾਅਦ ਹੀ ਹੱਕਾਨੀ ਨੈੱਟਵਰਕ ਨੇ ਬੰਧਕ ਬਣਾ ਲਿਆ। ਉਸ ਸਮੇਂ ਉਸ ਦੀ ਪਤਨੀ ਗਰਭਵਤੀ ਸੀ।

ਜੋਸ਼ੂਆ ਨੇ ਦੱਸਿਆ ਕਿ ਅੱਤਵਾਦੀਆਂ ਦੇ ਕੈਪਟਨ ਅਬੂ ਹਜ਼ਰ ਦੇ ਕਹਿਣ 'ਤੇ ਇੱਕ ਗਾਰਡ ਨੇ ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਸਾਹਮਣੇ ਉਸ ਦੀ ਨਵਜਨਮੀ ਬੱਚੀ ਦਾ ਵੀ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਹੱਕਾਨੀ ਗਰੁੱਪ ਨਾਲ ਕੰਮ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।

ਤਸਵੀਰ ਦਾ ਇੱਕ ਹੋਰ ਪੱਖ ਵੀ ਹੈ। ਅਖ਼ਬਾਰ 'ਦੈਨਿਕ ਭਾਸਕਰ' ਦੀ ਰਿਪੋਰਟ ਮੁਤਾਬਕ ਜੋਸ਼ੂਆ ਤੇ ਉਸ ਦੀ ਪਤਨੀ ਅਫਗਾਨਿਸਤਾਨ ਅੱਤਵਾਦੀਆਂ ਦੀ ਮਦਦ ਕਰਨ ਲਈ ਗਏ ਸੀ। ਦੱਸਣਯੋਗ ਹੈ ਕਿ ਜੋਸ਼ੂਆ ਨੇ ਅਮਰੀਕੀ ਫੌਜ ਵੱਲੋਂ 2002 ਵਿੱਚ ਅਫਗਾਨਿਸਤਾਨ ਦੀ ਲੜਾਈ ਸਮੇਂ ਅੱਲ੍ਹੜ ਉਮਰ 'ਚ ਫੜੇ ਕੈਨੇਡਾ ਦੇ ਨਾਗਰਿਕ ਉਮਰ ਖਦਰ ਦੀ ਭੈਣ ਜ਼ੈਨਬ ਖਦਰ ਨਾਲ 2009 ਵਿੱਚ ਵਿਆਹ ਵੀ ਕੀਤਾ ਹੋਇਆ ਸੀ। ਅਖ਼ਬਾਰ ਨੇ ਉਮਰ ਨੂੰ ਅੱਤਵਾਦੀ ਲਿਖਿਆ ਹੈ। ਕੋਲਮੈਨ ਉਸ ਦੀ ਦੂਜੀ ਪਤਨੀ ਹੈ।

ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਪਾਕਿਸਤਾਨ ਨੇ ਸਾਡੇ ਕਹੇ ਦਾ ਮਾਣ ਰੱਖਿਆ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਟਰੰਪ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਵਿਰੁੱਧ ਢਿੱਲੀ ਕਾਰਵਾਈ ਕਰਨ ਲਈ ਘੂਰਿਆ ਸੀ। ਬੀਤੇ ਬੁੱਧਵਾਰ ਨੂੰ ਅਮਰੀਕੀ ਏਜੰਸੀਆਂ ਨੇ ਆਪਣੀ ਨਾਗਰਿਕ ਕੈਟਲਨ ਕੋਲਮੈਨ ਤੇ ਉਸ ਦੇ ਪਰਿਵਾਰ ਦੇ ਅਫਗਾਨਿਸਤਾਨ ਸਰਹੱਦ ਕੋਲ ਬੰਧਕ ਬਣਾ ਕੇ ਰੱਖੇ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਇਸ 'ਤੇ ਕਾਰਵਾਈ ਕਰਦਿਆਂ ਪਾਕਿਸਤਾਨ ਨੇ ਇਸ ਕੈਨੇਡਾ-ਅਮਰੀਕੀ ਮੂਲ ਦੇ ਜੋੜੇ ਤੇ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ।