ਨਵੀਂ ਦਿੱਲੀ: ਉੱਤਰੀ ਕੋਰੀਆ ਤੇ ਅਮਰੀਕਾ 'ਚ ਤਣਾਅ ਵਿਚਾਲੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ ਦੀ ਹਵਾਈ ਯੂਨੀਵਰਸਿਟੀ ਨੇ ਆਪਣੇ ਸਟੂਡੈਂਟਸ ਤੇ ਕਰਮਚਾਰੀਆਂ ਨੂੰ ਈਮੇਲ ਭੇਜ ਕੇ ਪਰਮਾਣੂ ਹਮਲੇ ਤੋਂ ਬਚਣ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਨੇ ਆਪਣਾ ਸੱਤਵਾਂ ਪਰਮਾਣੂ ਟੈਸਟ ਕਰ ਲਿਆ ਹੈ।


ਵੀਰਵਾਰ ਦੇਰ ਰਾਤ 2.9 ਸਪੀਡ ਵਾਲਾ ਭੂਚਾਲ ਆਇਆ। ਇਸ ਦਾ ਕੇਂਦਰ ਉੱਤਰੀ ਕੋਰੀਆ ਦੇ ਪਰਮਾਣੂ ਟੈਸਟ ਵਾਲਾ ਇਲਾਕਾ ਸੀ। ਅਮਰੀਕਾ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਇਹ ਕੁਦਰਤੀ ਭੂਚਾਲ ਸੀ। ਅਮਰੀਕਾ ਦੀ ਹਵਾਈ ਯੂਨੀਵਰਸਿਟੀ ਨੇ ਆਪਣੇ ਸਟੂਡੈਂਟਸ ਤੇ ਕਰਮਚਾਰੀਆਂ ਨੂੰ ਜਿਹੜੀ ਈਮੇਲ ਭੇਜੀ ਹੈ, ਉਸ 'ਚ ਉੱਤਰ ਕੋਰੀਆ ਦੇ ਮਿਸਾਇਲ ਟੈਸਟ ਨੂੰ ਵੇਖਦੇ ਹੋਏ ਸੁਰੱਖਿਆ ਏਜੰਸੀਆਂ ਲਗਾਤਾਰ ਪਰਮਾਣੂ ਖਤਰਿਆਂ ਬਾਰੇ ਜਾਣਕਾਰੀ ਦੇ ਰਹੀਆਂ ਹਨ। ਇਸ 'ਚ ਪਰਮਾਣੂ ਹਮਲੇ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ, ਲਿਖਿਆ ਹੋਇਆ ਹੈ।

ਅਜਿਹੇ 'ਚ ਇਹ ਸਵਾਲ ਸਾਹਮਣੇ ਆ ਰਿਹਾ ਹੈ ਕਿ ਕੀ ਅਮਰੀਕਾ, ਉੱਤਰੀ ਕੋਰੀਆ 'ਤੇ ਹਮਲਾ ਕਰਨ ਜਾ ਰਿਹਾ ਹੈ? ਦਰਅਸਲ ਇਹ ਸਵਾਲ ਇਸ ਲਈ ਵੀ ਉੱਠ ਰਿਹਾ ਹੈ ਕਿਉਂਕਿ ਖੂਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਤਰੀ ਕੋਰੀਆ ਸੋਮਵਾਰ ਜਾਂ ਮੰਗਲਵਾਰ ਨੂੰ ਇਕ ਮਿਸਾਇਲ ਟੈਸਟ ਕਰਨ ਦੀ ਤਿਆਰੀ ਕਰ ਚੁੱਕਿਆ ਹੈ। ਜ਼ਾਹਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਉਹ ਉੱਤਰੀ ਕੋਰੀਆ ਨੂੰ ਸਬਕ ਸਿਖਾਉਣ ਦੀ ਗੱਲ ਕਰਦੇ ਰਹਿੰਦੇ ਹਨ।

ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਦੋ ਦਿਨ ਪਹਿਲਾਂ ਹੀ ਆਪਣੇ ਫੌਜ ਮੁਖੀ ਤੇ ਰੱਖਿਆ ਮੰਤਰੀ ਜਿਮ ਮੈਟਿਸ ਦੇ ਨਾਲ ਨੌਰਥ ਕੋਰੀਆ 'ਤੇ ਚਰਚਾ ਕੀਤੀ। ਉੱਧਰ ਅਮਰੀਕੀ ਸਮੁੰਦਰੀ ਫੌਜ ਤੇ ਦੱਖਣੀ ਕੋਰੀਆ ਅਗਲੇ ਹਫਤੇ ਵੱਡਾ ਫੌਜ ਟ੍ਰੇਨਿੰਗ ਕੈਂਪ ਲਾਉਣ ਜਾ ਰਹੇ ਹਨ। ਇਸ ਨੂੰ ਉੱਤਰੀ ਕੋਰੀਆ ਖਿਲਾਫ ਅਮਰੀਕਾ ਦੇ ਤਾਕਤ ਵਿਖਾਉਣ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।