Afghanistan Crisis: ਚੀਨ ਨੇ ਇੱਕ ਵਾਰ ਫਿਰ ਤਾਲਿਬਾਨ ਦਾ ਸਮਰਥਨ ਕੀਤਾ ਹੈ। ਜੀ7 ਦੇਸ਼ਾਂ ਦੀ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਤਾਲਿਬਾਨ 'ਤੇ ਪਾਬੰਦੀਆਂ ਲਾਉਣਾ ਸਹੀ ਨਹੀਂ ਹੋਵੇਗਾ। ਚੀਨ ਨੇ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਅਤੀਤ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।


ਤਾਲਿਬਾਨ 'ਤੇ ਨਵੀਆਂ ਪਾਬੰਦੀਆਂ ਲਾਉਣ ਦੀ ਜੀ7 ਨੇਤਾਵਾਂ ਦੀ ਯੋਜਨਾ 'ਤੇ ਟਿੱਪਣੀ ਕਰਨ ਲਈ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਪਾਬੰਦੀਆਂ ਤੇ ਦਬਾਅ ਸਮੱਸਿਆ ਨੂੰ ਹੱਲ ਨਹੀਂ ਕਰਨਗੇ। ਉਨ੍ਹਾਂ ਕਿਹਾ, "ਅਫਗਾਨਿਸਤਾਨ ਇੱਕ ਸੁਤੰਤਰ, ਪ੍ਰਭੂਸੱਤਾ ਰਾਸ਼ਟਰ ਹੈ। ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਅਤੀਤ ਤੋਂ ਸਿੱਖਣਾ ਚਾਹੀਦਾ ਹੈ ਤੇ ਅਫਗਾਨਿਸਤਾਨ ਨਾਲ ਜੁੜੇ ਮੁੱਦਿਆਂ 'ਤੇ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।"


ਬੁਲਾਰੇ ਨੇ ਕਿਹਾ, “ਕਿਸੇ ਵੀ ਕਿਸਮ ਦੀਆਂ ਸਖਤ ਪਾਬੰਦੀਆਂ ਤੇ ਦਬਾਅ ਸਮੱਸਿਆ ਦਾ ਹੱਲ ਨਹੀਂ ਕਰਨਗੇ। ਸਾਡਾ ਮੰਨਣਾ ਹੈ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਤੇ ਪੁਨਰ ਨਿਰਮਾਣ ਨੂੰ ਅੱਗੇ ਵਧਾਉਂਦੇ ਹੋਏ ਕੌਮਾਂਤਰੀ ਭਾਈਚਾਰੇ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਲੋਕਤੰਤਰ ਦੇ ਬਹਾਨੇ ਫੌਜੀ ਦਖਲਅੰਦਾਜ਼ੀ ਨੂੰ ਕਿਵੇਂ ਰੋਕਿਆ ਜਾਵੇ। ਸਾਨੂੰ ਅਜਿਹੇ ਦੁਖਾਂਤ ਨੂੰ ਦੁਬਾਰਾ ਵਾਪਰਨ ਦੀ ਮਨਜੂਰੀ ਨਹੀਂ ਦੇਣੀ ਚਾਹੀਦੀ, ਜਿੱਥੇ ਇੱਕ ਦੇਸ਼ ਨੇ ਗਲਤੀ ਕੀਤੀ ਹੈ ਪਰ ਅਫਗਾਨ ਲੋਕਾਂ ਤੇ ਅੰਤਰਰਾਸ਼ਟਰੀ ਭਾਈਚਾਰੇ ਤੇ ਖਾਸ ਕਰਕੇ ਖੇਤਰੀ ਦੇਸ਼ਾਂ ਨੇ ਇਸ ਦੀ ਕੀਮਤ ਅਦਾ ਕੀਤੀ ਹੈ।"


ਜੀ7 ਦੇਸ਼ਾਂ 'ਚ ਬ੍ਰਿਟੇਨ ਤੋਂ ਇਲਾਵਾ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਅਮਰੀਕਾ ਹਨ। ਇਸ ਬੈਠਕ 'ਚ ਜੀ7 ਦੇਸ਼ਾਂ ਦੇ ਨੇਤਾ ਅਫਗਾਨਿਸਤਾਨ ਦੀ ਸਥਿਤੀ ਉੱਤੇ ਚਰਚਾ ਕਰਨਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ।


ਜੌਹਨਸਨ ਨੇ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਤਾਲਿਬਾਨ ਦਾ ਨਿਰਣਾ ਉਨ੍ਹਾਂ ਦੇ ਕੰਮਾਂ ਦੁਆਰਾ ਕੀਤਾ ਜਾਵੇਗਾ, ਉਨ੍ਹਾਂ ਦੇ ਸ਼ਬਦਾਂ ਨਾਲ ਨਹੀਂ। ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਦੋ ਹਫ਼ਤੇ ਪਹਿਲਾਂ 15 ਅਗਸਤ ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਸੱਤਾ 'ਤੇ ਕਬਜ਼ਾ ਕਰ ਲਿਆ ਸੀ, ਜਿਸ ਨਾਲ ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਦੇਸ਼ ਛੱਡ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਜਾਣ ਲਈ ਮਜਬੂਰ ਹੋਣਾ ਪਿਆ ਸੀ।