ਨਵੀਂ ਦਿੱਲੀ: ਫੜ੍ਹਾਂ ਮਾਰਨ 'ਚ ਸ਼ੇਰ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਅਕਸਰ ਇਹ ਕਹਿੰਦਾ ਸੀ ਕਿ ਉਸ ਦੀ ਪਹੁੰਚ ਦੇਸ਼ਾਂ-ਵਿਦੇਸ਼ਾਂ ਤੱਕ ਹੈ ਪਰ ਅੱਜ ਚੀਨੀ ਮੀਡੀਆ ਨੇ ਇਸ ਨੂੰ ਵਾਕਈ ਸਾਬਤ ਕਰ ਦਿੱਤਾ ਹੈ। ਚੀਨ ਦੇ ਮੀਡੀਆ ਵਿੱਚ ਛਪੇ ਲੇਖ ਮੁਤਾਬਕ ਇੱਕ ਡੇਰੇ ਦੇ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਵੱਡੇ ਪੱਧਰ 'ਤੇ ਹੋਈ ਹਿੰਸਾ ਨੂੰ ਕਾਬੂ ਕਰਨ ਵਿੱਚ ਭਾਰਤ ਨੂੰ ਪੇਸ਼ ਆਈਆਂ ਮੁਸ਼ਕਲਾਂ ਉਜਾਗਰ ਹੋ ਰਹੀਆਂ ਹਨ।
ਲੇਖ ਵਿੱਚ ਲਿਖਿਆ ਗਿਆ ਹੈ ਕਿ ਵੈਸੇ ਦੰਗੇ ਸ਼ਾਂਤ ਕਰਨਾ ਭਾਰਤ ਦਾ ਅੰਦਰੂਨੀ ਮਸਲਾ ਹੈ ਤੇ ਚੀਨ ਉਮੀਦ ਕਰਦਾ ਹੈ ਕਿ ਭਾਰਤ ਇਸ ਨਾਲ ਛੇਤੀ ਹੀ ਨਜਿੱਠ ਲਵੇਗਾ, ਪਰ ਉਸ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਭਾਰਤ ਡੋਕਲਾਮ ਵਿਵਾਦ ਨੂੰ ਲੋਕਾਂ ਦਾ ਧਿਆਨ ਅੰਦਰੂਨੀ ਮਾਮਲਿਆਂ ਤੋਂ ਭਟਕਾਉਣ ਲਈ ਵਰਤ ਸਕਦਾ ਹੈ।
ਹਾਲਾਂਕਿ, ਅੱਜ ਸਵੇਰੇ ਆਈਆਂ ਖ਼ਬਰਾਂ ਮੁਤਾਬਕ ਭਾਰਤ ਤੇ ਚੀਨ ਦਰਮਿਆਨ ਜਾਰੀ ਡੋਕਲਾਮ ਵਿਵਾਦ ਸੁਲਝ ਗਿਆ ਹੈ। ਦੋਵੇਂ ਦੇਸ਼ ਆਪਣੀਆਂ ਫੌਜਾਂ ਹਟਾਉਣ ਲਈ ਸਹਿਮਤ ਹੋ ਗਏ ਹਨ। ਅਜਿਹੇ ਵਿੱਚ ਚੀਨ ਦੀ ਇਸ ਟਿੱਪਣੀ ਦਾ ਕੋਈ ਖ਼ਾਸ ਮਤਲਬ ਨਹੀਂ ਬਣ ਜਾਂਦਾ, ਪਰ ਫਿਰ ਵੀ ਇੱਕ ਦੇਸ਼ ਦਾ ਦੂਜੇ ਦੇਸ਼ ਦੇ ਅੰਦਰੂਨੀ ਮਸਲਿਆਂ ਬਾਰੇ ਟਿੱਪਣੀ ਕਰਨਾ ਕਿਤੇ ਮੋਦੀ ਨੂੰ ਚਿੜ੍ਹਾਉਣਾ ਤਾਂ ਨਹੀਂ।
ਚੀਨ ਦਾ ਮੰਨਣਾ ਹੈ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਇਨ੍ਹਾਂ ਬਾਬਿਆਂ ਕਾਰਨ ਭਾਰਤੀ ਲੋਕਾਂ ਵਿੱਚ ਆਧੁਨਿਕ ਅਧਿਆਤਮਤਾ ਦਾ ਵਿਕਾਸ ਨਹੀਂ ਹੋ ਰਿਹਾ। ਲੇਖ ਵਿੱਚ ਇਹ ਵੀ ਲਿਖਿਆ ਹੈ ਕਿ ਭਾਰਤ ਦੇ ਇਹ ਬਾਬੇ ਅਕਸਰ ਹੀ ਧਨਾਢ ਵਪਾਰੀ ਬਣ ਜਾਂਦੇ ਹਨ। ਅਜਿਹੇ ਵਿਵਾਦ ਹੀ ਦੇਸ਼ ਲਈ ਗੰਭੀਰ ਸਿਆਸੀ ਤੇ ਸਮਾਜਕ ਸਮੱਸਿਆ ਹਨ।