ਲੰਡਨ: ਦੱਖਣੀ ਇੰਗਲੈਂਡ ਵਿਚ ਇਕ 47 ਸਾਲਾ ਸਿੱਖ ਵਿਅਕਤੀ ਤੇ ਉਸ ਦੇ ਪੁੱਤਰ ਨੂੰ ਯੂਕੇ ਪੁਲਿਸ ਨੇ ਬੰਦੂਕ ਦੀ ਨੋਕ 'ਤੇ ਨੱਪ ਲਿਆ। ਪੁਲਿਸ ਨੂੰ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਉਕਤ ਵਿਅਕਤੀ ਦੀ ਕਾਰ ਵਿਚੋਂ ਗੋਲੀ ਚੱਲਣ ਦੀ ਆਵਾਜ਼ ਆਈ ਹੈ ਜਦਕਿ ਅਸਲ ਵਿਚ ਉਹ ਆਵਾਜ਼ ਕਾਰ ਦਾ ਟਾਇਰ ਫਟਣ ਕਾਰਨ ਆਈ ਸੀ। ਪਤਾ ਲੱਗਾ ਹੈ ਕਿ ਸੁੱਖੀ ਰਿਆਤ ਹਾਰਟਫੋਰਡਸ਼ਾਇਰ ਦੇ ਹਿਟਚਿਨ ਵਿਖੇ ਆਪਣੇ ਯਾਰਡ ਵਿਚ ਕਾਰ ਪਾਰਕ ਕਰ ਰਿਹਾ ਸੀ।

ਇੰਨੇ ਨੂੰ ਦਰਜਨਾਂ ਹਥਿਆਰਬੰਦ ਪੁਲਿਸ ਵਾਲੇ ਕੁੱਤਿਆਂ ਨਾਲ ਆ ਗਏ ਤੇ ਬੰਦੂਕ ਦੀ ਨੋਕ 'ਤੇ ਉਸ ਨੂੰ ਕੰਧ ਨਾਲ ਲਾ ਕੇ ਉਸ ਦੇ ਹੱਥ ਪਿੱਛੇ ਬੰਨ੍ਹ ਦਿੱਤੇ। ਰਿਆਤ ਨੇ ਆਨਲਾਈਨ ਅਖਬਾਰ ਮੈਟਰੋ ਨੂੰ ਦੱਸਿਆ ਕਿ ਮੈਂ ਕਾਰ ਵਿਚ ਹੀ ਬੈਠਾ ਉਸ ਕੰਪਨੀ ਨੂੰ ਫੋਨ ਕਰ ਰਿਹਾ ਸੀ ਜਿਸ ਤੋਂ ਮੈਂ ਇਹ ਕਾਰ ਲੀਜ਼ 'ਤੇ ਲਈ ਹੋਈ ਸੀ। ਜਿਵੇਂ ਹੀ ਮੈਂ ਕਾਰ ਵਿਚੋਂ ਉਤਰਿਆ ਤਾਂ ਪੁਲਿਸ ਆ ਗਈ। ਰਿਆਤ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ 17 ਸਾਲਾ ਬੇਟੇ ਹਰਕੀਰਤ ਨੂੰ ਵੀ ਬੰਨ੍ਹ ਲਿਆ। ਰਿਆਤ ਸੰਨ 1979 ਤੋਂ ਇੱਥੇ ਰਹਿ ਰਿਹਾ ਹੈ। ਰਿਆਤ ਦੀ 20 ਸਾਲਾ ਬੇਟੀ ਮਨਮੀਤ ਨੇ ਦੱਸਿਆ ਕਿ ਪੁਲਿਸ ਸਾਡੇ ਉਸ ਕਮਰੇ ਵਿਚ ਬੂਟ ਪਾ ਕੇ ਹੀ ਵੜ ਗਈ ਜਿੱਥੇ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਦੀਆਂ ਵਸਤਾਂ ਰੱਖੀਆਂ ਹੋਈਆਂ ਸਨ। ਉਦੋਂ ਮੈਂ ਬਹੁਤ ਡਰੀ ਹੋਈ ਸੀ ਤੇ ਹੁਣ ਤਾਂ ਬਹੁਤ ਗੁੱਸਾ ਵੀ ਆ ਰਿਹਾ ਹੈ।

ਓਧਰ ਹਰਟਫੋਰਡਸ਼ਾਇਰ ਪੁਲਿਸ ਦੀ ਬੁਲਾਰਨ ਨੇ ਦੱਸਿਆ ਕਿ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਅਜਿਹੇ ਵਿਚ ਪੁਲਿਸ ਨੇ ਬਹੁਤ ਸੰਜੀਦਗੀ ਨਾਲ ਕਾਰਵਾਈ ਕਰਨੀ ਹੁੰਦੀ ਹੈ। ਬੁਲਾਰਨ ਨੇ ਕਿਹਾ ਕਿ ਪੁਲਿਸ ਨੂੰ ਜਨਤਾ ਤੋਂ ਸੂਚਨਾ ਮਿਲੀ ਸੀ ਕਿ ਬੁਨੀਅਨ ਰੋਡ ਹੋਲਡਿੰਗ ਵਿਚ ਇਕ ਕਾਰ ਵਿਚੋਂ ਗੋਲੀ ਚੱਲਣ ਦੀ ਆਵਾਜ਼ ਆਈ ਹੈ। ਇਸੇ ਲਈ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਨੱਪ ਲਿਆ ਤੇ ਉਸ ਦੇ ਘਰ ਦੀ ਤਲਾਸ਼ੀ ਲਈ। ਪੁਲਿਸ ਦੀ ਬੁਲਾਰਨ ਨੇ ਤਲਾਸ਼ੀ ਦੌਰਾਨ ਹੋਈ ਅਸੁਵਿਧਾ ਲਈ ਮਾਫ਼ੀ ਮੰਗੀ ਪਰ ਨਾਲ ਹੀ ਕਿਹਾ ਕਿ ਸਾਡੀ ਮੁੱਖ ਪਹਿਲ ਜਨਤਾ ਤੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੈ।