ਲੰਡਨ : ਬ੍ਰਿਟੇਨ ਵਿਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਲੋਕ ਆਪਣੇ ਮੰਦਬੁੱਧੀ ਅਤੇ ਅਪਾਹਜ ਪੁੱਤਰਾਂ ਲਈ ਵਿਦੇਸ਼ ਤੋਂ ਲਾੜੀਆਂ ਲਿਆ ਰਹੇ ਹਨ। ਲੇਬਰ ਪਾਰਟੀ ਦੀ ਸੰਸਦ ਮੈਂਬਰ ਜੇਸ ਫਿਲਿਪਸ ਨੇ ਇਸ ਚਲਨ ਦੀ ਨੁਕਤਾਚੀਨੀ ਕੀਤੀ ਹੈ। 'ਦਿ ਟਾਈਮਜ਼' ਨੇ ਫਿਲਿਪਸ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਉਜਾਗਰ ਹੋ ਚੁੱਕੇ ਹਨ। ਅੌਰਤਾਂ ਨੂੰ ਲੈ ਕੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਭਾਈਚਾਰੇ ਦੇ ਲੋਕਾਂ ਦਾ ਇਹ ਵਤੀਰਾ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸੱਚ ਹੈ।

ਯਕੀਨਨ ਇਸ ਵਿਚ ਸਾਰੇ ਸ਼ਾਮਲ ਨਹੀਂ ਹਨ ਪਰ ਮੇਰੀਆਂ ਕਿਤਾਬਾਂ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਹਨ। ਮਾਨਸਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਸਿਖਾਉਣ ਦਾ ਕੰਮ ਕਰਨ ਵਾਲੇ ਐੱਨ ਯਾਫਟ ਟਰੱਸਟ ਅਨੁਸਾਰ ਬਿ੍ਰਟਿਸ਼ ਏਸ਼ੀਆਈ ਲੋਕਾਂ ਦੀ ਇਹ ਵੱਡੀ ਗੰਭੀਰ ਸਮੱਸਿਆ ਹੈ ਕਿ ਉਹ ਉਸ ਦੀ ਸਹਿਮਤੀ ਦੇ ਬਗੈਰ ਅਜਿਹੇ ਲੋਕਾਂ ਦਾ ਵਿਆਹ ਕਰ ਦਿੰਦੇ ਹਨ। ਸਰਕਾਰ ਨੂੰ ਅਜਿਹੇ 10 ਫ਼ੀਸਦੀ ਮਾਮਲਿਆਂ ਦੀ ਸੂਚਨਾ ਮਿਲੀ ਹੈ।

ਟਰੱਸਟ ਨੇ ਇਕ ਖੋਜ ਵਿਚ ਦੇਖਿਆ ਕਿ ਅਜਿਹੀ ਬਿਰਤੀ ਵਿਚ ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਭਾਰਤੀ ਮੂਲ ਦੀ ਵੱਡੀ ਆਬਾਦੀ ਸ਼ਾਮਲ ਹੈ। ਇਸ ਮਸਲੇ 'ਤੇ ਕੰਮ ਕਰਨ ਵਾਲੀ ਨਾਟਿੰਘਮ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਰਸ਼ੇਲ ਕਲਾਵਸਨ ਦਾ ਕਹਿਣਾ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਲੱਗਦਾ ਹੈ ਕਿ ਉਹ ਬੇਟੇ ਜਾਂ ਬੇਟੀ ਲਈ ਚੰਗਾ ਕਰ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਵਾਲੀ ਮਿਲ ਜਾਂਦੀ ਹੈ।