ਲੰਡਨ: ਇੱਥੋਂ ਦੀ ਪੁਲਿਸ ਨੇ 47 ਸਾਲਾ ਸਿੱਖ ਤੇ ਉਸ ਦੇ 17 ਸਾਲਾ ਪੁੱਤਰ ਨੂੰ ਘਰ ਵਿੱਚ ਦਾਖ਼ਲ ਹੋ ਕੇ ਹੱਥਕੜੀਆਂ ਲਗਾ ਦਿੱਤੀਆਂ। ਉਸ ਦਾ ਕਸੂਰ ਸੀ ਕਿ ਉਸ ਦੀ ਕਾਰ ਦਾ ਟਾਇਰ ਅਚਾਨਕ ਫਟ ਗਿਆ ਸੀ।

ਦਰਅਸਲ, ਸੁੱਖੀ ਰਿਆਤ ਨਾ ਦੇ ਇੱਕ ਸਿੱਖ ਨੇ ਆਪਣੇ ਘਰ ਦੇ ਬਾਹਰ ਕਾਰ ਖੜ੍ਹੀ ਕਰ ਦਿੱਤੀ ਤੇ ਅਚਾਨਕ ਉਸ ਦਾ ਟਾਇਰ ਫਟ ਗਿਆ। ਉਸ ਦੇ ਗੁਆਂਢੀ ਇਸ ਆਵਾਜ਼ ਸੁਣ ਕੇ ਘਬਰਾ ਗਏ ਤੇ ਪੁਲਿਸ ਨੂੰ ਫੋਨ ਕਰ ਕੇ ਇਹ ਕਹਿ ਦਿੱਤਾ ਕਿ ਉਨ੍ਹਾਂ ਦੇ ਘਰ ਨਜ਼ਦੀਕ ਇੱਕ ਕਾਰ ਵਿੱਚ ਦੋ ਵਿਅਕਤੀ ਸਵਾਰ ਹਨ, ਜਿਨ੍ਹਾਂ ਨੇ ਗੋਲੀ ਚਲਾਈ ਹੈ।

ਪੁਲਿਸ ਨੇ ਫੌਰਨ ਕਾਰਵਾਈ ਕਰਦਿਆਂ ਸੁੱਖੀ ਰਿਆਤ ਦੇ ਘਰ ਆ ਵੜੀ ਤੇ ਆਉਂਦਿਆਂ ਸਾਰ ਹੀ ਉਸ ਨੇ ਸੁੱਖੀ ਤੇ ਕੋਲ ਹੀ ਬੈਠੇ ਉਸ ਦੇ ਪੁੱਤਰ ਨੂੰ ਬੰਦੂਕ ਵਿਖਾ ਕੇ ਹੱਥਕੜੀਆਂ ਲਗਾ ਦਿੱਤੀਆਂ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੇ ਉਨ੍ਹਾਂ ਨੇ ਦੋਵਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਰਿਆਤ ਦੀ ਨੌਜਵਾਨ ਧੀ ਮਨਮੀਤ ਕੌਰ ਨੇ ਪੁਲਿਸ ਮੁਲਾਜ਼ਮਾਂ ਨੂੰ ਉਸ ਕਮਰੇ ਵਿੱਚ ਜੁੱਤਿਆਂ ਸਮੇਤ ਜਾਣ ਤੋਂ ਵਰਜਿਆ ਜਿਸ ਵਿੱਚ ਸਿੱਖ ਧਾਰਮਿਕ ਪੁਸਤਕਾਂ ਰੱਖੀਆਂ ਹੋਈਆਂ ਸਨ। ਪਰ ਪੁਲਿਸਵਾਲਿਆਂ ਨੇ ਉਸ ਦੀ ਨਾ ਮੰਨੀ ਤੇ ਸਾਰੇ ਘਰ ਦੀ ਤਲਾਸ਼ੀ ਲਈ।

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਭ ਕੁਝ ਸਹੀ ਪਾਉਣ ਤੋਂ ਬਾਅਦ ਮੁਆਫੀ ਮੰਗਦਿਆਂ ਕਿਹਾ ਕਿ ਉਹ ਅਸੁਵਿਧਾ ਲਈ ਮੁਆਫੀ ਮੰਗਦੇ ਹਨ ਪਰ ਉਹ ਲੋਕਾਂ ਦੀ ਸੁਰੱਖਿਆ ਦੇ ਹਿਤ ਵਿੱਚ ਇਸ ਕਾਰਵਾਈ ਨੂੰ ਅਧੂਰਾ ਨਹੀਂ ਸੀ ਛੱਡ ਸਕਦੇ ਕਿਉਂਕਿ ਸ਼ਿਕਾਇਤਕਰਤਾ ਨੇ ਇਹ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਕੋਲ ਹਥਿਆਰ ਸਨ।