ਬੀਜਿੰਗ: ਇੱਕ ਕਨੇਡੀਅਨ ਨੂੰ ਚੀਨ ਦੀ ਡਰੱਗ ਤਸਕਰੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਮਲੇ ‘ਚ ਗਹਿਰੀ ਚਿੰਤਾ ਪ੍ਰਗਟਾਈ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਇਸ ਫੈਸਲੇ ਬਾਬਤ ਆਖਿਆ ਕਿ, 'ਇਹ ਸਾਡੀ ਸਰਕਾਰ ਲਈ ਬੇਹਦ ਚਿੰਤਾ ਦਾ ਵਿਸ਼ਾ ਹੈ, ਤੇ ਇਹ ਸਾਡੇ ਅੰਤਰਰਾਸ਼ਟਰੀ ਦੋਸਤਾਂ ਅਤੇ ਸਾਥੀਆਂ ਲਈ ਵੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ, ਜਿਵੇਂ ਕਿ ਚੀਨ ਨੇ ਆਪਹੁਦਰੇ ਢੰਗ ਨਾਲ ਇੱਕ ਕਨੇਡੀਅਨ ਨੂੰ ਸਜ਼ਾਏ ਮੌਤ ਸੁਣਾਈ ਹੈ।'
ਚੀਨ ‘ਚ ਸੋਮਵਾਰ ਸ਼ਾਮ ਨੂੰ ਇੱਕ ਅਦਾਲਤ ਨੇ ਰੌਬਰਟ ਲਾਇਡ ਸ਼ੈਲਨਬਰਗ ਨਾਮ ਦੇ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ। ਮਾਮਲੇ ‘ਚ ਅਚਾਨਕ ਹੀ ਮੁੜ ਸੁਣਵਾਈ ਹੋਈ ਸੀ, ਅਤੇ ਫੇਰ ਇਹ ਫੈਸਲਾ ਲਿਆ ਗਿਆ। ਇਸ ਨਾਲ ਦੋਨੇ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਚਲ ਰਹੇ ਵਿਵਾਦ ਦੇ ਵਧਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ।
ਬੀਤੇ ਸਾਲ ਦਸੰਬਰ ‘ਚ ਵੈਨਕੂਵਰ ‘ਚ ਚੀਨ ਦੀ ਦਿੱਗਜ ਟੈਲੀਕਾਮ ਕੰਪਨੀ ਹੁਆਵੇ ਦੀ ਐਗਜੀਕਿਊਟਿਵ ਦੀ ਗਿਰਫ਼ਤਾਰੀ ਤੋਂ ਬਾਅਦ ਤੋਂ ਦੋਨਾਂ ਦੇਸ਼ਾਂ ਵਿਚਾਲੇ ਤਨਾ-ਤਣੀ ਚਲ ਰਹੀ ਹੈ। ਅਦਾਲਤ ਨੇ ਕਨੇਡੀਅਨ ਵਿਅਕਤੀ ਦੀ ਬੇਕਸੂਰ ਹੋਣ ਦੀ ਅਪੀਲ ਖਾਰਿਜ ਕਰਦੇ ਹੋਏ, ਉਸਨੂੰ ਡਰੱਗ ਤਸਕਰੀ ਮਾਮਲੇ ‘ਚ ਸਜਾਏ ਮੌਤ ਦੇ ਹੁਕਮ ਦਿੱਤੇ ਹਨ।