ਨਾਰਵੇ :ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੂਅਲ ਸਾਂਤੇਸ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਮਿਲੇਗਾ। ਜੁਆਨ ਨੇ ਕੋਲੰਬੀਆ ਵਿੱਚ ਪਿਛਲੇ ਪੰਜਾਹ ਸਾਲਾਂ ਤੋਂ ਚਲੇ ਆ ਰਹੇ ਗ੍ਰਹਿ ਯੁੱਧ ਨੂੰ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਗ੍ਰਹਿ ਯੁੱਧ ਵਿੱਚ ਕਰੀਬ ਦੋ ਲੱਖ ਲੋਕ ਮਾਰੇ ਗਏ ਹਨ। 65 ਸਾਲ ਦੇ ਜੁਆਨ ਨੇ ਵਿਦਰੋਹੀ ਸੰਗਠਨ ਨਾਲ 26 ਸਤੰਬਰ ਨੂੰ ਸ਼ਾਂਤੀ ਸਮਝੌਤਾ ਕੀਤਾ ਸੀ।
ਨੋਬਲ ਕਮੇਟੀ ਨੇ ਸ਼ੁੱਕਰਵਾਰ ਨੂੰ ਸ਼ਾਂਤੀ ਦੇ ਲਈ ਪੁਰਸਕਾਰ ਦਾ ਐਲਾਨ ਕਰਦੇ ਹੋਏ ਆਖਿਆ ਕਿ ਇਹ ਕੋਲੰਬੀਆ ਦੇ ਲੋਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਸ਼ਾਂਤੀ ਦੀ ਉਮੀਦ ਬਣਾਈ ਰੱਖੀ। ਇਸ ਤੋਂ ਪਹਿਲਾਂ 2014 ਭਾਰਤ ਦੇ ਕੈਲਾਸ਼ ਸਤੱਆਰਥੀ ਅਤੇ ਪਾਕਿਸਤਾਨ ਦੀ ਮਲਾਲਾ ਯੂਸਫ਼ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ।


ਜੁਆਨ ਦਾ ਜਨਮ 10 ਅਗਸਤ 1951 ਨੂੰ ਬੋ ਗੋਟਾ ਵਿੱਚ ਹੋਇਆ ਸੀ। ਉਹ ਦੋ ਵਾਰ ਦੇਸ਼ ਦੇ ਰਾਸ਼ਟਰਪਤੀ ਰਹੇ। ਲੈਟਿਨ ਅਮਰੀਕਾ ਦੇ ਕਿਸੇ ਰਾਜਨੀਤਿਕ ਆਗੂ ਨੂੰ ਇਹ ਦੂਜੀ ਵਾਰ ਸ਼ਾਂਤੀ ਲਈ ਪੁਰਸਕਾਰ ਮਿਲਿਆ ਹੈ। ਇਸ ਤੋਂ ਪਹਿਲਾਂ ਗਵਾਟੇਮਾਲਾ ਦੇਸ਼ ਦੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਰਿਗੋਬੇਟਰੋ ਮੇਚੂ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ।