ਨਵੀਂ ਦਿੱਲੀ: ਚੀਨ ਵਿੱਚ ਖੋਤਿਆਂ ਦੀ ਖੱਲ ਦੀ ਭਾਰੀ ਮੰਗ ਕਾਰਨ ਉਨ੍ਹਾਂ ਦੀ ਆਬਾਦੀ 'ਤੇ ਸੰਕਟ ਦੇ ਬੱਦਲ ਹਨ। ਜਿੱਥੇ ਇਸ ਦਾ ਇਸਤੇਮਾਲ ਹੈਲਥ, ਫ਼ੂਡ ਤੇ ਰਿਵਾਇਤੀ ਦਵਾ ਬਣਾਉਣ ਵਿੱਚ ਕੀਤਾ ਜਾਂਦਾ ਹੈ, ਉੱਥੇ ਹੀ ਖੋਤੇ ਦੇ ਮਾਸ ਦੀ ਵੀ ਖੂਬ ਮੰਗ ਹੈ। ਇਨ੍ਹਾਂ ਦੀ ਆਬਾਦੀ ਵਿੱਚ ਆਈ ਵੱਡੀ ਗਿਰਾਵਟ ਤੇ ਸੁਸਤ ਪ੍ਰਜਨਣ ਸ਼ਕਤੀ ਨੇ ਇਸ ਦੀ ਪੂਰਤੀ ਕਰਨ ਵਾਲਿਆਂ ਨੂੰ ਹੋਰ ਵਿਕਲਪ ਤਲਾਸ਼ਣ ਲਈ ਮਜ਼ਬੂਰ ਕਰ ਦਿੱਤਾ ਹੈ।


ਖੋਤੇ ਦੀ ਘਟਦੀ ਆਬਾਦੀ ਨੇ ਅਫ਼ਰੀਕਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਕਿਉਂਕਿ ਇੱਥੇ ਇਸ ਜਾਨਵਰ ਦੀ ਵਰਤੋਂ ਵਿਸ਼ੇਸ਼ ਰੂਪ ਵਿੱਚ ਗਰੀਬ ਕੁਨਬੇ ਵੱਲੋਂ ਟਰਾਂਪੋਰਟ ਤੇ ਖੇਤੀ ਲਈ ਕੀਤਾ ਜਾਂਦਾ ਹੈ। ਇਸੇ ਕਰਕੇ ਇਹ ਜੀਵਨ ਦਾ ਮਹੱਤਵਪੂਰਣ ਹਿੱਸਾ ਹਨ। ਨਕਦੀ ਬਟੋਰਨ ਕਰਕੇ ਖੋਤਿਆਂ ਦੀ ਚੋਰੀ ਵੀ ਵਧ ਗਈ ਹੈ। ਪਿਛਲੇ ਕੁਝ ਸਾਲਾਂ ਵਿੱਚ ਕਈ ਇਲਾਕਿਆਂ ਵਿੱਚ ਖੋਤਿਆਂ ਦੀ ਕੀਮਤ ਦੁਗੁਣੀ ਹੋ ਗਈ ਹੈ। ਇਸ ਕਰਕੇ ਇੱਥੋਂ ਦੇ ਪਰਿਵਾਰ ਨਵਾਂ ਜਾਨਵਰ ਖਰੀਦਣ ਵਿੱਚ ਅਸਮਰੱਥ ਹੁੰਦੇ ਜਾ ਰਹੇ ਹਨ।

ਪਾਣੀ ਪਹੁੰਚਾਉਣ ਵਾਲੇ 29 ਸਾਲਾ ਐਂਥਨੀ ਮਾਉਪੇ ਵਨਿਆਮਾ ਕੋਲ ਚਾਰ ਸਾਲ ਤੋਂ ਖੋਤਾ ਸੀ ਪਰ ਇੱਕ ਦਿਨ ਸਵੇਰੇ ਜਦ ਉਹ ਸੌਂ ਕੇ ਉੱਠਿਆ ਤਾਂ ਉਸ ਦਾ ਖੋਤਾ ਗਾਇਬ ਸੀ। ਦੋ ਬੱਚਿਆਂ ਦੇ ਪਿਤਾ ਐਂਥਨੀ ਨੇ ਕਿਹਾ, "ਮੈਂ ਜਦੋਂ ਉੱਠਿਆ ਤਾਂ ਮੇਰਾ ਖੋਤਾ ਗਾਇਬ ਸੀ, ਮੈਂ ਜ਼ਮੀਨ ਖਰੀਦੀ, ਘਰ ਖਰੀਦਿਆ, ਸਕੂਲ ਦੀ ਫੀਸ ਚੁਕਾਈ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ।" ਨੈਰੋਬੀ ਦੇ ਬਾਹਰੀ ਇਲਾਕੇ ਕਿਨੀਆਈ ਸ਼ਹਿਰ ਆਨਗਾਟਾ ਰੋਗਾਈ ਦੇ ਰਹਿਣ ਵਾਲੇ ਐਂਥਨੀ ਨੇ ਆਪਣੇ ਖੋਤੇ ਦਾ ਨਾਮ ਕਰੋਲਸ ਰੱਖਿਆ ਸੀ। ਆਪਣੇ ਪਿਆਰੇ ਖੋਤੇ ਨੂੰ ਯਾਦ ਕਰਕੇ ਉਹ ਰੋ ਰਿਹਾ ਸੀ।

ਉਸ ਨੇ ਕਿਹਾ, "ਮੈਂ ਜਦ ਸੌਂ ਕੇ ਉੱਠਿਆ ਤਾਂ ਕਰੋਲਸ ਉੱਥੇ ਨਹੀਂ ਸੀ। ਮੈਂ ਉਸ ਨੂੰ ਚਾਰੇ ਪਾਸੇ ਲੱਭਿਆ ਤੇ ਬਾਅਦ ਵਿੱਚ ਉਸ ਨੂੰ ਮਰਿਆ ਹੋਇਆ ਪਾਇਆ। ਚੋਰ ਉਸ ਦੀ ਚਮੜੀ ਉਤਾਰ ਕੇ ਲੈ ਗਏ ਸਨ। ਹੁਣ ਉਹ ਕਿਸੇ ਹੋਰ ਖੋਤੇ ਨੂੰ ਕਿਰਾਏ 'ਤੇ ਲੈ ਕੇ ਆਪਣੀ ਖੋਤਾ-ਗੱਡੀ ਤੇ ਪਲਾਸਟਿਕ ਦੇ ਨੀਲੇ ਡੱਬੇ ਵਿੱਚ ਪਾਣੀ ਵੇਚਣ ਜਾਂਦਾ ਹੈ। ਉਸ ਨੂੰ ਆਪਣੀ ਤਿੰਨ ਤੋਂ ਚਾਰ ਡਾਲਰ ਕਮਾਈ ਦਾ ਇੱਕ ਹਿੱਸਾ ਉਸ ਦੇ ਮਾਲਕ ਨੂੰ ਦੇਣਾ ਪੈਂਦਾ ਹੈ।" ਉਸ ਨੇ ਕਿਹਾ, "ਹੁਣ ਮੇਰੇ ਕੋਲ ਜ਼ਰੂਰਤ ਮੁਤਾਬਕ ਪੈਸੇ ਨਹੀਂ ਹਨ, ਮੈਂ ਆਪਣਾ ਕਿਰਾਇਆ ਵੀ ਨਹੀਂ ਦਿੱਤਾ, ਸਕੂਲ ਫੀਸ ਵੀ ਨਹੀਂ ਦੇ ਸਕਿਆ ਤੇ ਮੇਰੀ ਕਮਾਈ ਤੇ ਕਈ ਹੋਰ ਲੋਕ ਵੀ ਨਿਰਭਰ ਹਨ।"

ਬ੍ਰਿਟੇਨ ਦੀ ਚੈਰਿਟੀ ਡੌਂਕੀ ਸੈਂਕਚੂਰੀ ਦੇ ਅੰਕੜਿਆਂ ਮੁਤਾਬਕ ਹਰ ਸਾਲ 18 ਲੱਖ ਖੋਤਿਆਂ ਦੀ ਖੱਲ ਦਾ ਕਾਰੋਬਾਰ ਹੁੰਦਾ ਹੈ ਜਦਕਿ ਮੰਗ 100 ਲੱਖ ਖੱਲਾਂ ਦੀ ਹੈ। ਇੱਕ ਸਰਕਾਰੀ ਅੰਕੜੇ ਮੁਤਾਬਕ 1990 ਵਿੱਚ 110 ਲੱਖ ਦੀ ਤੁਲਨਾ ਵਿੱਚ ਅੱਜ ਚੀਨ ਵਿੱਚ ਖੋਤਿਆਂ ਦੀ ਆਬਾਦੀ ਮਹਿਜ਼ 30 ਲੱਖ ਹੈ। ਇੱਥੇ ਖੋਤੇ ਦੇ ਖੱਲ ਨੂੰ ਉਬਾਲ ਕੇ ਬਣਾਏ ਜਾਣ ਵਾਲੇ ਸੁਪਰਫੂਡ ਜਿਲੇਟੀਨ, ਇਜ਼ਿਆਇਓ ਦੀ ਕੀਮਤ 25,390 ਰੁਪਏ ਪ੍ਰਤੀ ਕਿਲੋ ਤੱਕ ਹੈ। ਯੁਗਾਂਡਾ, ਤਨਜਾਨੀਆ, ਬੋਟਸਵਾਣਾ, ਨਾਈਜ਼ਰ, ਬੁਰਕੀਨੋ, ਫ਼ਾਸੋ, ਮਾਲੀ ਤੇ ਸੈਨੇਗਲ ਨੇ ਆਪਣੇ ਇੱਥੇ ਚੀਨ ਤੋਂ ਖੋਤੇ ਵੇਚਣ 'ਤੇ ਪਾਬੰਧੀ ਲਾ ਦਿੱਤੀ ਹੈ। ਕੀਨੀਆ ਵਿੱਚ ਖੋਲ੍ਹੇ ਗਏ ਤਿੰਨ ਬੁੱਚੜਖਾਨਿਆਂ ਦੀ ਕਰਕੇ ਖੋਤੇ ਦੀਆਂ ਕੀਮਤਾਂ ਵਿੱਚ ਕਾਫੀ ਇਜ਼ਾਫਾ ਹੋਇਆ ਹੈ। ਇਸ ਵਿੱਚ ਰੋਜ਼ਾਨਾ ਕਰੀਬ 150 ਜਾਨਵਰਾਂ ਨੂੰ ਕੱਟਣ ਤੋਂ ਬਾਅਦ ਉਨ੍ਹਾਂ ਦੇ ਮਾਸ ਦੀ ਪੈਕਿੰਗ ਤੇ ਬਰਫ ਵਿੱਚ ਜਮਾ ਕੇ ਰੱਖਣ ਦੇ ਨਾਲ-ਨਾਲ ਖੱਲ ਨੂੰ ਨਿਰਯਾਤ ਲਈ ਤਿਆਰ ਕੀਤਾ ਜਾਂਦਾ ਹੈ।

ਬੁੱਚੜਖਾਨੇ ਵਿੱਚ ਜ਼ਿੰਦਾ ਖੋਤੇ ਨੂੰ ਉਸ ਦੇ ਵਜ਼ਨ ਮੁਤਾਬਕ ਵੇਚਿਆ ਜਾਂਦਾ ਹੈ। ਨੈਰੋਬੀ ਦੇ ਪੱਛਮ ਵਿੱਚ ਸਥਿਤ ਸਟਾਰ ਬ੍ਰਿਲੀਅੰਟ ਨਿਰਯਾਤ ਬੁੱਚੜਖਾਨੇ ਦੇ ਸੀਈਓ ਦੱਸਦੇ ਹਨ ਕਿ ਕੀਨੀਆਂ ਤੇ ਅਫ਼ਰੀਕਾ ਵਿੱਚ ਖੋਤਿਆਂ ਦੇ ਬੁੱਚੜਖਾਨੇ ਲਈ ਲਾਇਸੈਂਸ ਲੈਣ ਵਾਲੇ ਉਹ ਪਹਿਲੇ ਆਦਮੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਖੋਤੇ ਦਾ ਬਾਜ਼ਾਰ ਨਹੀਂ ਸੀ। ਲੋਕ ਆਪਣੇ ਬੱਚਿਆਂ ਨੂੰ ਸਕੂਲ ਫੀਸ ਦੇਣ ਲਈ ਆਪਣੀਆਂ ਗਾਵਾਂ, ਬੱਕਰੀਆਂ ਵੇਚਦੇ ਸਨ। ਹੁਣ ਲੋਕ ਬਾਜ਼ਾਰ ਵਿੱਚ ਗਾਂ ਤੋਂ ਵਧੇਰੇ ਆਪਣੇ ਖੋਤੇ ਵੇਚ ਰਹੇ ਹਨ। ਉਹ ਕਹਿੰਦੇ ਹਨ ਕਿ ਪਹਿਲਾਂ ਸਾਨੂੰ ਖੋਤੇ ਦੀ ਵਿਕਰੀ ਤੋਂ ਕੁਝ ਨਹੀਂ ਮਿਲਦਾ ਸੀ, ਪਰ ਹੁਣ ਅਸੀਂ ਚੀਨੀਆਂ ਦੀ ਇਸ ਵਧਦੀ ਮੰਗ ਤੋਂ ਖੁਸ਼ ਹਾਂ ਕਿਉਂਕਿ ਅੱਜ ਇਸ ਦੀ ਵਜ੍ਹਾ ਨਾਲ ਕਈ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ।