ਗੁਰਦਾਸਪੁਰ: ਡੈਨਮਾਰਕ ਦੀ ਮੁਟਿਆਰ ਨੇ ਗੁਰਦਾਸਪੁਰ ਦੇ ਨੌਜਵਾਨ ਨਾਲ ਅਜਿਹੀਆਂ ਪ੍ਰੀਤਾਂ ਲਾਈਆਂ ਕਿ ਉਸ ਦੇ ਨਸ਼ਈ ਹੋਣ ਦੇ ਬਾਵਜੂਦ ਤੋੜ ਨਿਭਾਅ ਗਈ। ਇੰਟਰਨੈੱਟ 'ਤੇ ਪਏ ਪਿਆਰ ਨੂੰ ਪੂਰ ਚੜ੍ਹਾਉਣ ਵਿੱਚ ਇਸ ਵਿਦੇਸ਼ੀ ਮੁਟਿਆਰ ਨੇ ਕੋਈ ਕਸਰ ਨਹੀਂ ਛੱਡੀ। ਉਸ ਨੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਆਪਣੇ ਪ੍ਰੇਮੀ ਨਾਲ ਪਹਿਲਾਂ ਵਿਆਹ ਕਰਵਾਇਆ। ਫਿਰ ਉਸ ਨੂੰ ਨਸ਼ੇ ਦੀ ਗ੍ਰਿਫ਼ਤ ਵਿੱਚੋਂ ਬਾਹਰ ਕੱਢਣ ਲਈ ਪੂਰਾ ਜ਼ੋਰ ਲਾ ਦਿੱਤਾ।
ਡੈਨਮਾਰਕ ਦੀ ਰਹਿਣ ਵਾਲੀ ਨਤਾਸ਼ਾ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛਡਾਓ ਕੇਂਦਰ ਵਿੱਚ ਆਪਣੇ ਪਤੀ ਮਲਕੀਤ ਸਿੰਘ ਦਾ ਇਲਾਜ ਕਰਵਾ ਰਹੀ ਹੈ। ਦੋਵਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰ ਰਹੀ ਹੈ। ਨਤਾਸ਼ਾ ਤੇ ਮਲਕੀਤ ਦੀ ਪਹਿਲੀ ਮੁਲਾਕਾਤ ਸਾਲ 2019 ਦੀ ਪਹਿਲੀ ਸਵੇਰ ਨੂੰ ਫੇਸਬੁੱਕ 'ਤੇ ਹੋਈ। ਚੈਟਿੰਗ ਦੌਰਾਨ ਹੀ ਮਲਕੀਤ ਨੇ ਉਸ ਨੂੰ ਦੱਸ ਦਿੱਤਾ ਕਿ ਉਹ ਚਿੱਟੇ ਦਾ ਆਦੀ ਹੈ। ਦਰਅਸਲ, ਉਹ ਦਿੱਲੀ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਸ਼ਰਾਬ ਪੀਣ ਲੱਗਾ ਤੇ ਫਿਰ ਹੋਰਨਾਂ ਨਸ਼ਿਆਂ ਦਾ ਆਦੀ ਹੋ ਗਿਆ।
ਦੋਵਾਂ ਦੀ ਗੱਲਬਾਤ ਚੱਲਦੀ ਰਹੀ ਤੇ ਇਸੇ ਦੌਰਾਨ ਉਸ ਨੇ ਨਤਾਸ਼ਾ ਨੂੰ ਭਾਰਤ ਸੱਦ ਲਿਆ। ਉਹ ਭਾਰਤ ਆਈ, ਕੁਝ ਦਿਨ ਮੁੰਬਈ ਤੇ ਦਿੱਲੀ ਰਹਿਣ ਮਗਰੋਂ ਪੰਜਾਬ ਪਹੁੰਚੀ। ਇੱਥੇ ਮਲਕੀਤ ਤੇ ਨਤਾਸ਼ਾ ਕੁਝ ਦਿਨ ਇਕੱਠੇ ਰਹੇ ਤੇ ਫਿਰ ਦੋਵਾਂ ਨੇ ਧਾਰਮਿਕ ਰਹੁ ਰੀਤਾਂ ਨਾਲ ਵਿਆਹ ਕਰਵਾ ਲਿਆ। ਨਤਾਸ਼ਾ ਨੇ ਮਨ ਵਿੱਚ ਧਾਰੀ ਹੋਈ ਸੀ ਕਿ ਉਹ ਪਹਿਲਾਂ ਮਲਕੀਤ ਦੀ ਜ਼ਿੰਦਗੀ 'ਚੋਂ ਨਸ਼ੇ ਦਾ ਕੋਹੜ ਵੱਢ ਕੇ ਰਹੇਗੀ। ਦੋਵੇਂ ਜਣੇ ਇਲਾਜ ਲਈ ਸਰਬੀਆ ਚਲੇ ਗਏ, ਪਰ ਉੱਥੋਂ ਦੇ ਇਲਾਜ ਦੇ ਤਰੀਕੇ ਵੱਖਰਾ ਸੀ ਤੇ ਮਲਕੀਤ ਨੂੰ ਬਹੁਤ ਤਕਲੀਫ ਹੋਈ। ਨਤਾਸ਼ਾ ਮਲਕੀਤ ਨੂੰ ਲੈ ਕੇ ਵਾਪਸ ਭਾਰਤ ਆ ਗਈ, ਪਰ ਉਹ ਮੁੜ ਤੋਂ ਨਸ਼ੇ ਦਾ ਆਦੀ ਹੋ ਗਿਆ।
ਹੁਣ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ 'ਚ ਮਲਕੀਤ ਦਾ ਇਲਾਜ ਜਾਰੀ ਹੈ। ਨਤਾਸ਼ਾ ਦਾ ਕਹਿਣਾ ਹੈ ਕਿ ਇੱਥੇ ਉਹ ਖ਼ੁਦ ਮਲਕੀਤ ਦੀ ਦੇਖਭਾਲ ਕਰ ਰਹੀ ਹੈ ਤੇ ਕਹਿੰਦੀ ਹੈ ਕਿ ਇੱਥੇ ਵੀ ਇਲਾਜ ਸਹੀ ਚੱਲ ਰਿਹਾ ਹੈ। ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ ਨੇ ਦੱਸਿਆ ਕਿ ਮਲਕੀਤ ਦਾ ਭਰਾ ਵੀ ਨਸ਼ੇ ਦਾ ਆਦੀ ਸੀ। ਉਸਦਾ ਇਲਾਜ ਉਨ੍ਹਾਂ ਨੇ ਹੀ ਕੀਤਾ ਸੀ। ਉਹ ਵੀ ਆਸਵੰਦ ਹਨ ਕਿ ਮਲਕੀਤ ਨਸ਼ੇ ਦੀ ਗ੍ਰਿਫ਼ਤ ਵਿੱਚੋਂ ਨਿਕਲ ਆਵੇਗਾ ਤੇ ਫਿਰ ਦੋਵੇਂ ਜੀਅ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗਣਗੇ।
ਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਗੁਰਦਾਸਪੁਰੀਏ ਨੌਜਵਾਨ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਿਆ
ਏਬੀਪੀ ਸਾਂਝਾ
Updated at:
10 Jul 2019 05:27 PM (IST)
ਨਤਾਸ਼ਾ ਤੇ ਮਲਕੀਤ ਦੀ ਪਹਿਲੀ ਮੁਲਾਕਾਤ ਸਾਲ 2019 ਦੀ ਪਹਿਲੀ ਸਵੇਰ ਨੂੰ ਫੇਸਬੁੱਕ 'ਤੇ ਹੋਈ। ਚੈਟਿੰਗ ਦੌਰਾਨ ਹੀ ਮਲਕੀਤ ਨੇ ਉਸ ਨੂੰ ਦੱਸ ਦਿੱਤਾ ਕਿ ਉਹ ਚਿੱਟੇ ਦਾ ਆਦੀ ਹੈ। ਦਰਅਸਲ, ਉਹ ਦਿੱਲੀ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਸ਼ਰਾਬ ਪੀਣ ਲੱਗਾ ਤੇ ਫਿਰ ਹੋਰਨਾਂ ਨਸ਼ਿਆਂ ਦਾ ਆਦੀ ਹੋ ਗਿਆ।
- - - - - - - - - Advertisement - - - - - - - - -