ਪੈਰਿਸ: ਪੈਰਿਸ, ਮੈਕਸਿਕੋ, ਮੈਡਰਿਡ ਤੇ ਏਥਨਸ ਸ਼ਹਿਰਾਂ ਦੇ ਮੇਅਰਾਂ ਨੇ ਮਿਲਕੇ ਡੀਜ਼ਲ ਗੱਡੀਆਂ 'ਤੇ ਰੋਕ ਲਾਉਣਾ ਤੈਅ ਕੀਤਾ ਹੈ। ਇਹ ਫੈਸਲਾ ਹਵਾ ਦੀ ਗੁਣਵਤਾ ਵਧਾਉਣ ਲਈ ਲਿਆ ਗਿਆ ਹੈ ਤੇ 2025 ਤੱਕ ਇਨਾਂ ਸ਼ਹਿਰਾਂ 'ਚ ਡੀਜ਼ਲ ਵਾਹਨਾਂ 'ਤੇ ਮੁਕੰਮਲ ਰੋਕ ਲੱਗ ਜਾਵੇਗੀ। ਕਿਹਾ ਗਿਆ ਹੈ ਕਿ ਇਹ 4 ਸ਼ਹਿਰ ਡੀਜ਼ਲ ਕਾਰ ਅਤੇ ਟਰੱਕ 'ਤੇ ਅਗਲੇ ਦਹਾਕੇ ਤੱਕ ਪੂਰੀ ਤਰਾਂ ਰੋਕ ਲਾਉਣ ਲਈ ਵਚਨਬੱਧ ਹਨ।

ਇਸ ਮੁਹਿੰਮ ਦੇ ਨਤੀਜੇ ਤੱਕ ਪਹੁੰਚਣ ਲਈ ਲੋਕਾਂ ਨੂੰ ਪੈਦਲ ਚੱਲਣ ਅਤੇ ਸਾਈਕਲਿੰਗ ਲਈ ਉਤਸ਼ਾਹਿਤ ਕੀਤਾ ਜਾਵੇਗਾ, ਅਤੇ ਜੋ ਪਹਿਲਾਂ ਹੀ ਇਸ ਰਸਤੇ 'ਤੇ ਚੱਲ ਰਹੇ ਨੇ ਉਨਾਂ ਨੂੰ ਹਰ ਮਦਦ ਦਿੱਤੀ ਜਾਵੇਗੀ। ਵਾਤਾਵਰਨ ਬਚਾਉਣ ਲਈ ਇਹ ਫੈਸਲਾ ਮੈਕਸਿਕੋ 'ਚ ਹੋਏ ਸੀ-40 ਸੰਮੇਲਨ 'ਚ ਲਿਆ ਗਿਆ, ਸੰਮੇਲਨ 'ਚ ਦੁਨੀਆ ਭਰ ਤੋਂ ਮੇਅਰ ਅਤੇ ਵਾਤਾਵਰਨ ਸੰਕਟ 'ਤੇ ਕੰਮ ਕਰਨ ਵਾਲੇ ਵਰਕਰ ਹਿੱਸਾ ਲੈਂਦੇ ਹਨ। ਵਿਸ਼ਵ ਸਿਹਤ ਸੰਸਥਾ (WHO) ਮੁਤਾਬਕ ਹਰ ਸਾਲ ਪ੍ਰਦੂਸ਼ਣ ਕਾਰਨ ਦੁਨੀਆ ਭਰ 'ਚ ਕਰੀਬ 30 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਡੀਜ਼ਲ ਇੰਜਣ ਹਵਾ ਪ੍ਰਦੂਸ਼ਣ ਨੂੰ ਦੋ ਤਰੀਕਿਆਂ ਨਾਲ ਵਧਾਉਂਦਾ ਹੈ, ਇੱਕ ਤਾਂ ਡੀਜ਼ਲ ਇੰਜਣ ਪਾਰਟੀਕਿਉਲੇਟ ਮੈਟਰ (PM) ਤੇ ਨਾਈਟ੍ਰੋਜਨ ਆਕਸਾਈਡ ਪੈਦਾ ਕਰਦਾ ਹੈ। ਡੀਜ਼ਲ ਇੰਜਣ ਨਾਲ ਪੈਦਾ ਹੋਣ ਵਾਲੀ ਕਾਲਖ ਫੇਫੜਿਆਂ 'ਚ ਜਮਾਂ ਹੋ ਜਾਂਦੀ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਕਈ ਮਾਮਲਿਆਂ 'ਚ ਮੌਤ ਵੀ ਹੋ ਚੁੱਕੀ ਹੈ। ਨਾਈਟ੍ਰੋਜਨ ਆਕਸਾਈਡ ਨਾਲ ਸਾਹ ਲੈਣ 'ਚ ਮੁਸ਼ਕਿਲ ਆਉਂਦੀ ਹੈ।