ਨਿਊਯਾਰਕ: ਅਮਰੀਕਾ ਵਿੱਚ ਸਿਲੀਕਾਨ ਵੈਲੀ 'ਚ ਉੱਚੀ ਤਨਖ਼ਾਹ ਪਾਉਣ ਵਾਲੀ ਕਾਰਾ ਗੋਲਡਨ ਦਾ ਭਾਰ ਲਗਾਤਾਰ ਵਧ ਰਿਹਾ ਸੀ। ਸੁਸਤੀ, ਥਕਾਵਟ ਲਗਾਤਾਰ ਤੇ ਜ਼ਿਆਦਾ ਹੋਣ ਲੱਗੀ ਸੀ। ਫਿਰ ਡਾਕਟਰ ਦੋਸਤ ਨੇ ਕਾਰਾ ਨੂੰ ਸਲਾਹ ਦਿੱਤੀ ਕਿ ਜੇ ਉਹ ਆਪਣੀ ਪੀਣ ਦੀ ਖੁਰਾਕ ਨੂੰ ਸਹੀ ਕਰਦੀ ਹੈ, ਤਾਂ ਸਿਹਤ ਨਾਲ ਜੁੜੀਆਂ ਜ਼ਿਆਦਾਤਰ ਚੀਜ਼ਾਂ ਆਪਣੇ-ਆਪ ਸਹੀ ਹੋ ਸਕਦੀਆਂ ਹਨ।


ਫਿਰ ਕਾਰਾ ਨੇ ਸਾਫਟ ਡਰਿੰਕ ਛੱਡ ਕੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ, ਪਰ ਨਿਰੰਤਰ ਸਾਦਾ ਪਾਣੀ ਪੀ-ਪੀ ਕੇ ਉਹ ਅੱਕ ਗਈ। ਇਸ ਤੋਂ ਬਾਅਦ, ਉਹ ਪਾਣੀ ਵਿੱਚ ਫਲਾਂ ਦੇ ਕੁਝ ਟੁਕੜੇ ਕੱਟ ਕੇ ਰੱਖਣੇ ਸ਼ੁਰੂ ਕਰ ਦਿੱਤੇ। ਇਸ ਨਾਲ ਪਾਣੀ ਹੋਰ ਸਵਾਦ ਹੋ ਜਾਂਦਾ ਸੀ। ਇਸ ਅਨੁਭਵ ਤੋਂ ਬਾਅਦ ਕਾਰਾ ਨੂੰ ਲਾਜਵਾਬ ਬਿਜ਼ਨੈਸ ਆਈਡੀਆ ਆਇਆ।


2005 ਵਿੱਚ ਕਾਰਾ ਨੇ ਕੁਦਰਤੀ ਫਲਾਂ ਨਾਲ ਫਲੇਵਰਡ ਪਾਣੀ ਦੀ ਬੋਤਲ ਦਾ ਕੰਮ ਸ਼ੁਰੂ ਕੀਤਾ। ਬਿਨਾਂ ਕਿਸੇ ਪ੍ਰੀਜ਼ਰਵੇਟਿਵ, ਖੰਡ ਜਾਂ ਮਿੱਠੇ ਦੀ ਵਰਤੋਂ ਕੀਤੇ, ਕਾਰਾ ਨੇ ਫਲੇਵਰਡ ਪਾਣੀ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਅੱਜ, ਉਸਦੀ ਕੰਪਨੀ 'ਹਿੰਟ' ਦੀ ਸਾਲਾਨਾ ਵਿਕਰੀ 10 ਕਰੋੜ ਡਾਲਰ (700 ਕਰੋੜ ਰੁਪਏ) ਤੋਂ ਵੱਧ ਹੈ। ਹਿੰਟ 26 ਫਲੇਵਰਾਂ ਵਿੱਚ ਡਰਿੰਕ ਬਣਾ ਰਹੀ ਹੈ। ਗੂਗਲ, ਫੇਸਬੁੱਕ ਸਣੇ ਸਿਲਿਕਨ ਵੈਲੀ ਦੀਆਂ ਸੈਂਕੜੇ ਕੰਪਨੀਆਂ ਆਪਣੇ ਦਫਤਰਾਂ ਵਿੱਚ ਇਨ੍ਹਾਂ ਡਰਿੰਕਸ ਦੀ ਵਰਤੋਂ ਕਰਦੀਆਂ ਹਨ।