ਮੈਲਬਾਰਨ : ਮੈਲਬਾਰਨ ਸਿਟੀ ਕੌਂਸਲ ਚੋਣ ਵਿੱਚ ਹਿੱਸਾ ਲੈ ਰਿਹਾ ਸਿੱਖ ਉਮੀਦਵਾਰ ਦਿਲਪ੍ਰੀਤ ਸਿੰਘ ਵਿਵਾਦ ਵਿੱਚ ਘਿਰ ਗਿਆ ਹੈ। ਅਸਲ ਵਿੱਚ ਦਿਲਪ੍ਰੀਤ ਸਿੰਘ ਨੇ ਆਪਣੇ ਛੇ ਮਹੀਨੇ ਦੇ ਪੁੱਤਰ ਦੀ ਬੰਦੂਕ ਨਾਲ ਤਸਵੀਰ ਖਿੱਚ ਕੇ ਫੇਸਬੁੱਕ ਉਤੇ ਸ਼ੇਅਰ ਕਰ ਦਿੱਤੀ। ਖ਼ਾਸ ਗੱਲ ਇਹ ਹੈ ਕਿ ਦਿਲਪ੍ਰੀਤ ਸਿੰਘ ਵੱਲੋਂ ਵਿਵਾਦ ਪੈਦਾ ਹੋਣ ਤੋਂ ਬਾਅਦ ਤਸਵੀਰ ਬਾਰੇ ਜੋ ਸਫ਼ਾਈ ਦਿੱਤੀ ਜਾ ਰਹੀ ਹੈ ਉਹ ਵੀ ਕਾਫ਼ੀ ਹੈਰਾਨੀਜਨਕ ਹੈ।
ਹਾਲਾਂਕਿ ਵਿਵਾਦ ਭਖਦਾ ਵੇਖ ਦਿਲਪ੍ਰੀਤ ਸਿੰਘ ਨੇ ਫੇਸਬੁੱਕ ਪੇਜ ਤੋਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਦਿਲਪ੍ਰੀਤ ਸਿੰਘ ਅਨੁਸਾਰ ਇਹ ਤਸਵੀਰਾਂ ਤਿੰਨ ਸਾਲ ਪੁਰਾਣੀਆਂ ਹਨ ਜਿਨ੍ਹਾਂ ਨੂੰ ਹੁਣ ਚੋਣਾਂ ਦੌਰਾਨ ਮੁੱਦਾ ਬਣਾਇਆ ਜਾ ਰਿਹਾ ਹੈ। ਤਸਵੀਰਾਂ ਵਿੱਚ ਦਿਲਪ੍ਰੀਤ ਦਾ ਛੇ ਮਹੀਨੇ ਦਾ ਪੁੱਤਰ ਹਥਿਆਰਾਂ ਨਾਲ ਦਿਖਾਈ ਦੇ ਰਿਹਾ ਹੈ। ਦਿਲਪ੍ਰੀਤ ਸਿੰਘ ਨੇ ਆਖਿਆ ਹੈ ਕਿ ਉਸ ਦੇ ਪਰਿਵਾਰਕ ਪਿਛੋਕੜ ਸੈਨਾ ਨਾਲ ਜੁੜਿਆ ਹੋਇਆ ਹੈ ਇਸ ਕਰ ਕੇ ਜਦੋਂ ਵੀ ਘਰ ਵਿੱਚ ਨਵਾਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਹਥਿਆਰਾਂ ਦਿਖਾਏ ਜਾਂਦੇ ਹਨ।
ਮੈਲਟਨ ਸਿਟੀ ਚੋਣਾਂ ਵਿੱਚ ਵਾਟਸ ਵਾਰਡ ਤੋਂ ਉਮੀਦਵਾਰ ਦਿਲਪ੍ਰੀਤ ਸਿੰਘ ਇੱਕ ਸਿੱਖ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਲਪ੍ਰੀਤ ਸਿੰਘ ਨੇ ਆਖਿਆ ਹੈ ਕਿ ਸਿੱਖ ਧਰਮ 'ਚ ਬੰਦੂਕਾਂ ਜਾਂ ਹੋਰ ਹਥਿਆਰਾਂ ਨਾਲ ਬੱਚਿਆਂ ਦੀਆਂ ਤਸਵੀਰਾਂ ਖਿੱਚਣ ਦੀ ਮਨਜ਼ੂਰੀ ਹੈ। ਦਿਲਪ੍ਰੀਤ ਸਿੰਘ ਨੇ ਕਿਹਾ, ''ਸਾਡੇ ਪਰਿਵਾਰ ਵਿੱਚ ਜਦੋਂ ਨਵੀਂ ਪੀੜ੍ਹੀ ਵਿੱਚ ਪਹਿਲਾ ਬੱਚਾ ਜਨਮ ਲੈਂਦਾ ਹੈ, ਤਾਂ ਉਸ ਦੇ ਜਨਮ ਦਿਨ ਮੌਕੇ ਉਸ ਦੀਆਂ ਤਸਵੀਰਾਂ ਹਥਿਆਰਾਂ ਨਾਲ ਖਿੱਚੀਆਂ ਜਾਂਦੀਆਂ ਹਨ।
ਇਹ ਰਿਵਾਜ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ।” ਦਿਲਪ੍ਰੀਤ ਸਿੰਘ ਨੇ ਆਖਿਆ ਹੈ ਕਿ ਉਸ ਨੂੰ ਹਿੰਸਾ ਬਰਦਾਸ਼ਤ ਨਹੀਂ ਹੈ। ਉਸ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ, ਜਿਹੜੇ ਉਸ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਅੱਤਵਾਦ ਨੂੰ ਹਲਾਸ਼ੇਰੀ ਦੇਣ ਵਾਲੀਆਂ ਕਹਿ ਰਹੇ ਹਨ। ਦਿਲਪ੍ਰੀਤ ਸਿੰਘ ਨੇ ਕਿਹਾ, ''ਇਹ ਨਿਰਾਸ਼ਾਜਨਕ ਹੈ ਕਿ ਜਾਣਬੁੱਝ ਕੇ ਮੈਨੂੰ ਅਤੇ ਮੇਰੇ ਸਭਿਆਚਾਰ ਨੂੰ ਬਦਨਾਮ ਕਰਨ ਲਈ ਮੇਰੀਆਂ ਨਿੱਜੀ ਤਸਵੀਰਾਂ ਨੂੰ ਸਿਆਸੀ ਏਜੰਡਾ ਬਣਾਇਆ ਜਾ ਰਿਹਾ ਹੈ।”