ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ 3 ਨਵੰਬਰ ਤੋਂ 12 ਦਿਨਾਂ ਦਾ ਏਸ਼ੀਆ ਦੌਰਾ ਸ਼ੁਰੂ ਹੋ ਰਿਹਾ ਹੈ। ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਸਮੇਂ ਦਾ ਵਿਦੇਸ਼ੀ ਦੌਰਾ ਹੈ। ਇਸ ਦੌਰੇ ਤਹਿਤ ਡੋਨਾਲਡ ਟਰੰਪ ਜਾਪਾਨ, ਦੱਖਣੀ ਕੋਰੀਆ ਤੋਂ ਇਲਾਵਾ ਚੀਨ ਵੀ ਜਾਣਗੇ। ਟਰੰਪ ਆਪਣੇ ਇਸ ਦੌਰੇ 'ਤੇ ਉੱਤਰ ਕੋਰੀਆ ਨਹੀਂ ਜਾਣਗੇ ਕਿਉਂਕਿ ਮੌਜਦਾ ਸਮੇਂ ਵਿੱਚ ਇਹ ਦੇਸ਼ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ।
ਉੱਤਰੀ ਕੋਰੀਆ ਨੇ ਧਮਕੀ ਦਿੱਤੀ ਹੈ ਕਿ ਉਹ ਇੱਕ ਵਾਰ ਫਿਰ ਪ੍ਰਸ਼ਾਂਤ ਮਹਾਸਾਗਰ ਵਿੱਚ ਹਾਈਡ੍ਰੋਜਨ ਬੰਬ ਸੁੱਟੇਗਾ। ਉੱਤਰ ਕੋਰੀਆ ਦੇ ਪ੍ਰਾਪੋਗੰਡਾ ਮਾਊਥਪੀਸ ਕੇਸੀਐਨਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡੋਨਾਲਡ ਟਰੰਪ ਸਨਕੀ ਤੇ ਮੂਰਖ ਨੇਤਾ ਹੈ। ਅਗਲੇ ਮਹੀਨੇ ਉਹ ਏਸ਼ੀਆ ਦੇ ਦੌਰੇ 'ਤੇ ਆ ਰਿਹਾ ਹੈ ਜਿਸ ਨਾਲ ਕੋਰੀਆ ਵਿੱਚ ਜੰਗ ਛਿੜ ਸਕਦੀ ਹੈ।
ਦੁਨੀਆ ਦੇ ਚਾਰ ਨੇਤਾਵਾਂ ਵਿਚਾਲੇ ਤੀਸਰੇ ਵਿਸ਼ਵ ਯੁੱਧ ਦਾ ਸਵਾਲ ਘੁੰਮ ਰਿਹਾ ਹੈ। ਪਹਿਲਾ ਨੇਤਾ ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਹੈ ਜਿਸ ਵੱਲੋਂ ਇੱਕ ਵਾਰ ਫਿਰ ਪ੍ਰਸ਼ਾਂਤ ਮਹਾਂਸਾਗਰ ਵਿੱਚ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ ਦਿੱਤੀ ਗਈ ਹੈ। ਦੂਜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਨ, ਜਿਨ੍ਹਾਂ ਦੀ ਏਸ਼ੀਆ ਯਾਤਰਾ ਨਾਲ ਉੱਤਰ ਕੋਰੀਆ ਤੀਜੇ ਵਿਸ਼ਵ ਯੁੱਧ ਦੀ ਭਵਿੱਖਵਾਣੀ ਕਾ ਰਿਹਾ ਹੈ। ਤੀਜਾ ਨੇਤਾ ਚੀਨ ਦਾ ਰਾਸ਼ਟਰਪਤੀ ਸ਼ੀ-ਜਿਨਪਿੰਗ ਹੈ, ਜਿਸ ਨੂੰ ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇ ਵਧਾਈ ਦਿੱਤੀ ਹੈ। ਚੌਥੇ ਨੇਤਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹਨ, ਜਿਨ੍ਹਾਂ 'ਤੇ ਉੱਤਰ ਕੋਰੀਆ ਨੂੰ ਮਦਦ ਪਹੁੰਚਾਉਣ ਦਾ ਇਲਜ਼ਾਮ ਲੱਗ ਰਿਹਾ ਹੈ।
ਪਿਛਲੇ ਮਹੀਨੇ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਵਿੱਚ ਨਾਰਥ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯਾੰਗ ਨੇ ਵੱਡਾ ਬਿਆਨ ਦਿੱਤਾ ਸੀ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਉੱਤਰੀ ਕੋਰੀਆ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਸ਼ਕਤੀਸ਼ਾਲੀ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕਰੇਗਾ। ਉੱਤਰ ਕੋਰੀਆ ਵੱਲੋਂ ਇਹ ਧਮਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਤੋਂ ਬਾਅਦ ਆਈ ਸੀ। ਇਸ ਵਿੱਚ ਉਨ੍ਹਾਂ ਨੇ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਬਰਬਾਦ ਕਾਰਨ ਦੀ ਗੱਲ ਕਹਿ ਸੀ। ਟਰੰਪ ਦੇ ਇਸ ਬਿਆਨ ਨਾਲ ਉੱਤਰੀ ਕੋਰੀਆ ਉਬਲ ਪਿਆ ਸੀ ਤੇ ਉਸ ਨੇ ਡੋਨਾਲਡ ਟਰੰਪ ਦੀ ਧਮਕੀ ਨੂੰ ਕੁੱਤੇ ਦੇ ਭੌਂਕਣ ਵਰਗਾ ਕਰਾਰ ਦਿੱਤਾ ਸੀ।
ਡੌਨਲਡ ਟਰੰਪ ਦੀ ਇਸ ਯਾਤਰਾ ਨਾਲ ਤਾਨਾਸ਼ਾਹ ਕਿਮ ਯੌਂਗ ਦੀ ਨਾਰਾਜ਼ਗੀ ਦੋ ਗੱਲਾਂ ਨੂੰ ਲੈ ਕੇ ਹੈ। ਦੱਸਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਦੱਖਣੀ ਕੋਰੀਆ ਦੀ ਯਾਤਰਾ ਦੌਰਾਨ ਡੀਐਮਜ਼ੈਡ ਜਾ ਸਕਦੇ ਹਨ। ਉੱਥੇ ਹੀ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮਿਲ ਕੇ ਉੱਤਰੀ ਕੋਰੀਆ ਤੇ ਵੱਡਾ ਸਮਝੌਤਾ ਕਰ ਸਕਦੇ ਹਨ। ਇਹ ਹੀ ਵਜ੍ਹਾ ਹੈ ਕਿ ਤਾਨਾਸ਼ਾਹ ਕਿਮ ਯੌਂਗ, ਟਰੰਪ ਦੇ ਦੌਰੇ ਤੋਂ ਚਿੜਿਆ ਹੋਇਆ ਹੈ। ਡੀਐਮਜ਼ੈਡ, ਉੱਤਰ ਕੋਰੀਆ ਤੇ ਦੱਖਣੀ ਕੋਰੀਆ ਦਾ ਬਾਰਡਰ ਹੈ, ਜਿੱਥੇ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਆਹਮਣੇ-ਸਾਹਮਣੇ ਖੜ੍ਹੀਆਂ ਰਹਿੰਦੀਆਂ ਹਨ।
ਇਸ ਤਰ੍ਹਾਂ ਉੱਤਰੀ ਕੋਰੀਆ ਦਾ ਤਾਨਾਸ਼ਾਹ ਚੀਨ ਦੇ ਰਾਸ਼ਟਰਪਤੀ ਤੇ ਡੋਨਾਲਡ ਟਰੰਪ ਦੀ ਮੁਲਾਕਾਤ ਤੋਂ ਪ੍ਰੇਸ਼ਾਨ ਹੈ। ਇਸ ਪ੍ਰੇਸ਼ਾਨੀ ਦੀ ਵਜ੍ਹਾ ਹੈ ਡੌਨਲਡ ਟਰੰਪ ਦਾ ਉਹ ਬਿਆਨ ਜਿਸ ਵਿੱਚ ਉਨ੍ਹਾਂ ਉੱਤਰੀ ਕੋਰੀਆ ਦੇ ਦਬਾਅ ਵਧਾਉਣ ਦੇ ਲਈ ਚੀਨ ਦੀ ਤਾਰੀਫ ਕੀਤੀ ਸੀ। ਅਮਰੀਕਾ ਦੇ ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਮਾਹੌਲ ਵਿੱਚ ਆਇਆ ਹੈ ਜਦੋਂ ਚੀਨ ਤੇ ਉੱਤਰੀ ਕੋਰੀਆ ਦੇ ਵਿੱਚ ਵਧਦੀ ਦਰਾਰ ਦੀਆਂ ਖ਼ਬਰਾਂ ਆ ਰਹੀਆਂ ਹਨ।