ਦੁਬਈ: ਇੱਕ ਭਾਰਤੀ ਵਿਅਕਤੀ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੀ ਮਾਂ ਨੂੰ ਇਸ ਹੱਦ ਤਕ ਪ੍ਰੇਸ਼ਾਨ ਕੀਤਾ ਕਿ ਉਸ ਦੀ ਮੌਤ ਹੋ ਗਈ। ਫੋਰੈਂਸਿਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੌਤ ਦੇ ਸਮੇਂ ਬਜੁਰਗ ਮਹਿਲਾ ਦਾ ਵਜ਼ਨ 29 ਕਿਲੋ ਸੀ। ਜੋੜੇ ਨੇ ਮ੍ਰਿਤਕਾ ਦੇ ਅੱਖ ਦੀ ਪੁਤਲੀ ਵੀ ਕੱਢ ਲਈ ਸੀ। ਫਿਲਹਾਲ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 3 ਜੁਲਾਈ ਤਕ ਟਾਲ ਦਿੱਤੀ ਹੈ, ਪਰ ਦੋਵਾਂ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ।



ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਜੋੜੇ ਦੀ 54 ਸਾਲਾ ਗੁਆਂਢਣ ਨੇ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਖਿਲਾਫ ਅਲ ਕਸਾਇਸ ਪੁਲਿਸ ਸਟੇਸ਼ਨ ‘ਚ ਕੇਸ ਦਰਜ ਕੀਤਾ ਹੈ। ਜਦਕਿ 29 ਸਾਲਾ ਭਾਰਤੀ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ।



ਗੁਆਂਢਣ ਦਾ ਕਹਿਣਾ ਹੈ ਕਿ ਭਾਰਤੀ ਵਿਅਕਤੀ ਦੀ ਪਤਨੀ ਨੌਕਰੀ ਕਰਦੀ ਸੀ ਤੇ ਫਲੈਟ ‘ਚ ਆਪਣੀ ਧੀ ਨੂੰ ਛੱਡ ਕੇ ਜਾਇਆ ਕਰਦੀ ਸੀ। ਉਹ ਕਹਿੰਦੀ ਸੀ ਕਿ ਉਸ ਦੀ ਸੱਸ ਭਾਰਤ ਤੋਂ ਆਈ ਹੈ, ਪਰ ਉਹ ਉਨ੍ਹਾਂ ਦੀ ਧੀ ਦਾ ਖਿਆਲ ਨਹੀਂ ਰੱਖਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇੱਕ ਦਿਨ ਉਸ ਨੇ ਬਜ਼ੁਰਗ ਨੂੰ ਬਾਲਕੌਨੀ ‘ਚ ਪਿਆ ਦੇਖਿਆ ਜਿਸ ਦੇ ਸਰੀਰ ‘ਤੇ ਕੱਪੜੇ ਵੀ ਨਹੀਂ ਸੀ ਤੇ ਸਰੀਰ ‘ਤੇ ਜਲਨ ਦੇ ਕਈ ਨਿਸ਼ਾਨ ਸੀ।



ਇਸ ਦੀ ਜਾਣਕਾਰੀ ਸੁਰੱਖਿਆ ਕਰਮੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਦੀ ਰਿਪੋਰਟ ਮੁਤਾਬਕ, ਮ੍ਰਿਤਕਾ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟੀਆਂ ਹੋਇਆਂ ਸੀ। ਉਸ ਨੂੰ ਕਈ ਵਾਰ ਕੁੱਟਿਆ ਗਿਆ ਜਿਸ ਕਾਰਨ ਉਸ ਦੇ ਸਰੀਰ ਦੇ ਅੰਦਰੁਨੀ ਹਿੱਸਿਆਂ ‘ਚ ਖੂਨ ਜੰਮ ਗਿਆ। ਇਸ ਦੇ ਨਾਲ ਹੀ ਮਹਿਲਾ ਕਈ ਦਿਨ ਲਗਾਤਾਰ ਭੁੱਖਾ ਰੱਖਿਆ ਗਿਆ ਸੀ। ਮ੍ਰਿਤਕਾ ਦੇ ਬੇਟੇ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਆਪਣੇ ‘ਤੇ ਗਰਮ ਪਾਣੀ ਸੁੱਟ ਲਿਆ ਸੀ।