ਲੋਮਬੋਕ: ਇੰਡੋਨੇਸ਼ੀਆ ਦੇ ਲੋਮਬੋਕ ਟਾਪੂ ’ਚ ਵੀਰਵਾਰ ਨੂੰ ਕਰੀਬ 2 ਹਫਤੇ ਵਿਚਾਲੇ ਤੀਜੇ ਭੂਚਾਲ ਨੇ ਦਸਤਕ ਦਿੱਤੀ। ਬੀਤੇ ਐਤਵਾਰ ਨੂੰ ਵੀ ਇੱਥੇ ਜ਼ਬਰਦਸਤ ਭੂਚਾਲ ਆਇਆ ਸੀ। ਇਸਤੋਂ ਬਾਅਦ ਵੀ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ।
ਤੀਜੇ ਭੁਚਾਲ ਨੇ ਲੋਮਬੋਕ ਟਾਪੂ ਦੇ ਨਿਵਾਸੀਆਂ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.9 ਦੱਸੀ ਗਈ। ਇਸ ਨਾਲ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਤੇ ਕਈ ਜਗ੍ਹਾ ਜ਼ਮੀਨ ਖਿਸਕਣ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ। ਕਈ ਲੋਕ ਜ਼ਖ਼ਮੀ ਵੀ ਹੋਏ ਹਨ।
ਇਸ ਤੋਂ ਪਹਿਲਾਂ ਐਤਵਾਰ ਨੂੰ ਆਏ 7.0 ਤੀਬਰਤਾ ਵਾਲੇ ਭੂਚਾਲ 'ਚ ਅਧਿਕਾਰਿਤ ਅੰਕੜਿਆਂ ਅਨੁਸਾਰ ਹੁਣ ਤਕ 300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਐਤਵਾਰ ਦੇ ਭੂਚਾਲ ਦੌਰਾਨ ਕਈ ਇਮਾਰਤਾਂ ਤੇ ਮਕਾਨ ਢਹਿ-ਢੇਰੀ ਹੋ ਗਏ। ਯਾਦ ਰਹੇ ਕਿ ਐਤਵਾਰ ਦੇ ਭੂਚਾਲ ਤੋਂ ਕਰੀਬ ਇੱਕ ਹਫਤਾ ਪਹਿਲਾਂ ਵੀ ਲੋਮਬੋਕ 'ਚ ਭੂਚਾਲ ਆਇਆ ਸੀ ਜਿਸ ਵਿੱਚ 16 ਜਣਿਆਂ ਦੀ ਮੌਤ ਹੋ ਗਈ ਸੀ ਤੇ ਸੈਂਕੜੇ ਘਰ ਤਬਾਹ ਹੋ ਗਏ ਸਨ।