ਮਿਸਰ ਦੀ ਇੱਕ ਅਦਾਲਤ ਨੇ ਦੋ ਟਿਕਟੌਕ ਔਰਤਾਂ ਨੂੰ 'ਸੈਕਸ ਲਈ ਭੜਕਾਉਣ' ਤੇ ਮਨੁੱਖੀ ਤਸਕਰੀ ਦੇ ਦੋਸ਼ 'ਚ 6 ਤੋਂ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 23 ਸਾਲਾ ਮਵਾਦਾ ਅਲ ਅਧਮ ਨੂੰ 6 ਸਾਲ ਦੀ ਕੈਦ ਤੇ 20 ਸਾਲਾ ਹਨੀਨ ਹੋਸਾਮ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਹਰੇਕ ਔਰਤ 'ਤੇ 2,00,000 ਮਿਸਰ ਪੌਂਡ ਦਾ ਜੁਰਮਾਨਾ ਵੀ ਲਾਇਆ ਗਿਆ।
ਕੁੜੀਆਂ ਨੂੰ ਜਿਸਮ ਫਿਰੋਸ਼ੀ ਲਈ ਭੜਕਾਉਣ ਦਾ ਦੋਸ਼
ਅਧਮ ਦੀ ਪੈਰਵੀ ਕਰਨ ਵਾਲੇ ਵਕੀਲ ਸਾਬਰ ਸੋਕਾਰ ਨੇ ਕਿਹਾ ਕਿ ਹੋਰ ਦੋਸ਼ਾਂ 'ਚ 'ਪਰਿਵਾਰਕ ਕਦਰਾਂ ਕੀਮਤਾਂ ਨੂੰ ਤੋੜਨਾ', 'ਸੈਕਸ ਲਈ ਉਕਸਾਉਣਾ' ਸ਼ਾਮਲ ਹਨ। ਸਥਾਨਕ ਮੀਡੀਆ ਦੇ ਅਨੁਸਾਰ ਇਸਤਗਾਸਾ ਪੱਖ ਨੇ ਦੋਸ਼ ਲਾਇਆ ਕਿ ਟਿਕਟੌਕਰ ਨੇ ਪੈਸੇ ਦੇ ਲਾਲਚ 'ਚ ਲੋਕਾਂ ਦਾ ਸ਼ੋਸ਼ਣ ਕੀਤਾ ਤੇ ਉਨ੍ਹਾਂ ਦਾ ਅਪਰਾਧਿਕ ਸਮੂਹ ਨਾਲ ਸਬੰਧ ਹੈ। ਉਨ੍ਹਾਂ ਦਲੀਲ ਦਿੱਤੀ ਕਿ ਅਜਿਹੇ ਦੋਸ਼ ਮਨੁੱਖੀ ਤਸਕਰੀ ਦੀ ਸ਼੍ਰੇਣੀ 'ਚ ਆਉਂਦੇ ਹਨ।
ਟਿਕਟੌਕਰ ਔਰਤ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ
ਵਕੀਲ ਨੇ ਦੱਸਿਆ ਕਿ ਅਧਮ ਸੁਣਵਾਈ ਲਈ ਅਦਾਲਤ 'ਚ ਪੇਸ਼ ਹੋਈ ਸੀ, ਜਦਕਿ ਹੋਸਾਮ ਦੀ ਗੈਰ-ਹਾਜ਼ਰੀ 'ਚ ਫ਼ੈਸਲਾ ਸੁਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੋਸਾਮ ਨੂੰ ਪਿਛਲੀ ਅਦਾਲਤ ਦੀ ਕਾਰਵਾਈ 'ਚ ਸ਼ਾਮਲ ਨਾ ਹੋਣ ਕਰਕੇ ਉੱਚ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਦੋਵੇਂ ਔਰਤਾਂ ਅਦਾਲਤ ਦੇ ਫ਼ੈਸਲੇ ਵਿਰੁੱਧ ਅਪੀਲ ਕਰ ਸਕਦੀਆਂ ਹਨ। ਪਿਛਲੇ ਸਾਲ ਵੀ ਟਿਕਟੌਕ ਉੱਤੇ ਪ੍ਰਕਾਸ਼ਿਤ ਇਕ ਵੀਡੀਓ 'ਚ ਦੋਵਾਂ ਨੂੰ ‘ਪਰਿਵਾਰਕ ਕਦਰਾਂ ਕੀਮਤਾਂ’ ਤੇ ‘ਵਿਸ਼ਵਾਸਾਂ’ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
1.3 ਮਿਲੀਅਨ ਸਬਸਕ੍ਰਾਈਬਰ ਰੱਖਣ ਵਾਲੇ ਇਕ ਵੀਡੀਓ 'ਚ ਹੋਸਾਮ ਨੇ ਕੁੜੀਆਂ ਨੂੰ ਪੈਸੇ ਲਈ ਕੰਮ ਕਰਨ ਲਈ ਕਿਹਾ, ਜਿਸ ਲਈ ਉਸ 'ਤੇ ਧੋਖੇਬਾਜ਼ੀ ਤੇ ਮਨੁੱਖੀ ਤਸਕਰੀ ਦਾ ਵੀ ਦੋਸ਼ ਲਗਾਇਆ ਗਿਆ ਸੀ। ਪਰ ਜਨਵਰੀ 'ਚ ਅਦਾਲਤ ਨੇ ਦੋਵਾਂ ਨੂੰ ਰਿਹਾਅ ਕਰ ਦਿੱਤਾ ਸੀ। ਅਧਮ ਕੋਲ ਟਿਕਟੌਕ 'ਤੇ 30 ਲੱਖ ਫਾਲੋਅਰਜ਼ ਹਨ। ਇਹ ਇਲਜਾਮ ਲਾਇਆ ਜਾਂਦਾ ਹੈ ਕਿ ਉਸ ਨੇ ਆਪਣੇ ਹੀ ਡਾਂਸ ਦੀ ਵੀਡੀਓ ਸਾਂਝੀ ਕਰਨ ਲਈ ਪਲੇਟਫ਼ਾਰਮ ਦੀ ਵਰਤੋਂ ਕੀਤੀ। ਉੱਥੇ ਹੀ ਹੋਸਾਮ ਟਿਕਟੌਕ ਵੀਡੀਓਜ਼ ਦੁਆਰਾ ਪੈਸੇ ਕਮਾਉਣ ਲਈ ਐਪ ਦੀ ਵਰਤੋਂ ਕਰਦੇ ਹੋਏ ਦੂਜਿਆਂ ਦੀਆਂ ਫੁਟੇਜ਼ ਅਪਲੋਡ ਕਰਦੀ ਹੈ।
ਲੋਕਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ
ਅਦਾਲਤ ਦੇ ਇਸ ਫ਼ੈਸਲੇ ਨਾਲ ਰੋਸ ਫੈਲ ਗਿਆ ਹੈ। ਕਾਰਕੁਨਾਂ ਦਾ ਤਰਕ ਹੈ ਕਿ ਮਿਸਰ ਦੇ ਸਾਈਬਰ ਕ੍ਰਾਈਮ ਕਾਨੂੰਨ ਦੀ ਵਰਤੋਂ ਕੰਮ ਕਰਨ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ। ਮਸ਼ਹੂਰ ਅਦਾਕਾਰਾਂ ਅਤੇ ਕਾਰਕੁਨਾਂ ਸਮੇਤ ਕਈ ਯੂਜਰਾਂ ਨੇ ਟਵਿੱਟਰ 'ਤੇ ਫੈਸਲੇ ਦਾ ਵਿਰੋਧ ਕੀਤਾ ਹੈ।