ਸੋਫੀਆ: ਯੂਰਪੀਅਨ ਯੂਨੀਅਨ (ਈਯੂ) ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮਿੱਤਰ ਨਹੀਂ, ਬਲਕਿ ਦੁਸ਼ਮਣ ਵਾਂਗ ਪੇਸ਼ ਆ ਰਹੇ ਹਨ। ਈਯੂ ਦੇ ਪ੍ਰਧਾਨ ਡੋਨਲਡ ਟਸਕ ਨੇ ਬੁਲਗਾਰੀਆ ’ਚ ਹੋਈ ਬੈਠਕ ਵਿੱਚ ਈਯੂ ਦੇ ਲੀਡਰਾਂ ਨੂੰ ਕਿਹਾ ਕਿ ਇਰਾਨ ਨਾਲ ਪਰਮਾਣੂ ਸਮਝੌਤੇ ਨਾਲ ਟਰੰਪ ਦੇ ਪਿੱਛੇ ਹਟਣ ਤੇ ਅਮਰੀਕਾ ਵੱਲੋਂ ਯੂਰਪ ’ਤੇ ਵਪਾਰੀ ਟੈਕਸ ਲਾਏ ਜਾਣ ਖ਼ਿਲਾਫ਼ ਉਹ ‘ਸੰਯੁਕਤ ਯੂਰਪੀਅਨ ਮੋਰਚਾ’ ਬਣਾਉਣਗੇ।


 

ਟਸਕ ਨੇ ਅਮਰੀਕੀ ਪ੍ਰਸ਼ਾਸਨ ਦੀ ਯੂਰਪ ਦੇ ਰਿਵਾਇਤੀ ਵਿਰੋਧੀ ਰੂਸ ਤੇ ਚੀਨ ਨਾਲ ਤੁਲਨਾ ਕੀਤੀ। ਯੂਰਪੀਅਨ ਮੰਤਰੀਆਂ ਨੇ ਬੁਰਸੇਲਸ ਵਿੱਚ ਇਰਾਨ ਦੇ ਵੱਡੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਸੀ ਜੋ ਇਰਾਨ ਨਾਲ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਤੋਂ ਬਾਅਦ ਇਸ ਸਮਝੌਤੇ ਨੂੰ ਬਚਾਉਣ ਦੇ ਮਕਸਦ ਲਈ ਕੀਤੀ ਗਈ ਸੀ।

ਗੱਲਬਾਤ ਤੋਂ ਬਾਅਦ ਇੱਕ ਯੂਰਪੀਅਨ ਸੂਤਰ ਨੇ ਦੱਸਿਆ ਕਿ ਲੀਡਰਾਂ ਨੇ ਇਰਾਨ ਨਾਲ ਸਮਝੌਤੇ ਬਾਅਦ ‘ਇੱਕਜੁਟ ਈਯੂ’ ’ਤੇ ਸਹਿਮਤੀ ਜਤਾਈ ਹੈ ਤੇ ਕਿਹਾ ਕਿ ਜੇ ਇਰਾਨ ਇਸ ਦਾ ਪਾਲਣ ਕਰਦਾ ਹੈ ਤਾਂ ਸਮਝੌਤੇ ਨੂੰ ਸਮਰਥਨ ਜਾਰੀ ਰਹੇਗਾ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੇਸਾ ਮੇਅ, ਜਰਮਨੀ ਦਾ ਚਾਲੰਸਲਰ ਐਂਜਲਾ ਮਾਰਕਲ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਹਾਲਾਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਯਾਦ ਰਹੇ ਕਿ ਅਮਰੀਕਾ ਦੇ ਇਲਾਵਾ ਬ੍ਰਿਟੇਨ, ਜਰਮਨੀ, ਫਰਾਂਸ, ਰੂਸ ਤੇ ਚੀਨ ਨੇ ਵੀ ਸਮਝੌਤੇ ’ਤੇ ਹਸਤਾਖ਼ਰ ਕੀਤੇ ਸੀ।

ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਦੇਸ਼ ਨੂੰ ਈਰਾਨ ਪਰਮਾਣੂ ਸਮਝੌਤੇ ਤੋਂ ਬਾਹਰ ਕਰ ਲਿਆ ਸੀ ਜੋ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੀਤਾ ਗਿਆ ਸੀ। ਅਮਰੀਕਾ ਦੇ ਬਾਹਰ ਨਿਕਲਣ ਦੇ ਬਾਵਜੂਦ ਬ੍ਰਿਟੇਨ, ਫਰਾਂਸ, ਚੀਨ, ਰੂਸ, ਜਰਮਨੀ ਤੇ ਈਯੂ ਇਸ ਸਮਝੌਤੇ ਦਾ ਹਿੱਸਾ ਬਣੇ ਹੋਏ ਹਨ ਤੇ ਅੱਗੇ ਵੀ ਸਮਝੌਤੇ ਨੂੰ ਬਰਕਰਾਰ ਰੱਖਣ ਸਬੰਧੀ ਆਪਣੀ ਵਚਨਬੱਧਤਾ ਜਤਾਈ ਹੈ।