ਲੰਡਨ: ਫੇਕ ਨਿਊਜ਼, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਭ ਤੋਂ ਵੱਧ ਪ੍ਰਚਾਰਿਆ ਗਿਆ, ਨੂੰ ਕੋਲਿਨਜ਼ ਡਿਕਸ਼ਨਰੀ ਨੇ ਮੌਜੂਦਾ ਸਾਲ 2017 ਦਾ ਸਭ ਤੋਂ ਮਸ਼ਹੂਰ ਸ਼ਬਦ ਐਲਾਨਿਆ ਹੈ। ਦੁਨੀਆ ਭਰ ’ਚ ਵਰਤੋਂ ਹੋਣ ਕਰਕੇ ਡਿਕਸ਼ਨਰੀ ਨੇ ਫੇਕ ਨਿਊਜ਼ ਨੂੰ ਥਾਂ ਦਿੱਤੀ ਹੈ। ਬਰਤਾਨੀਆ ਆਧਾਰਿਤ ਕੋਸ਼ਕਾਰ ਨੇ ਪਾਇਆ ਕਿ ‘ਫੇਕ ਨਿਊਜ਼’ ਦੀ ਵਰਤੋਂ ’ਚ ਪਿਛਲੇ 12 ਮਹੀਨਿਆਂ ਦੌਰਾਨ 365 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।


ਸਾਲ 2016 ’ਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੇ ਮੀਡੀਆ ਕਵਰੇਜ ਦੌਰਾਨ ਇਸ ਸ਼ਬਦ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਸੀ। ਫੇਕ ਨਿਊਜ਼ ਦਾ ਭਾਵ ਹੈ ‘ਝੂਠੀ, ਅਕਸਰ ਸਨਸਨੀਖੇਜ਼ ਅਤੇ ਰਿਪੋਰਟਿੰਗ ਤਹਿਤ ਵੱਖੋ ਵੱਖਰੀ ਜਾਣਕਾਰੀ।’

ਫੇਕ ਨਿਊਜ਼ ਨੇ ਬ੍ਰੈਗਜ਼ਿਟ ਦੀ ਥਾਂ ਲਈ ਹੈ ਜੋ ਜੂਨ 2016 ’ਚ ਸਭ ਤੋਂ ਵੱਧ ਮਸ਼ਹੂਰ ਹੋਇਆ ਸੀ ਜਦੋਂ ਬਰਤਾਨੀਆ ਯੂਰੋਪੀਅਨ ਯੂਨੀਅਨ ਤੋਂ ਵੱਖ ਹੋ ਗਿਆ ਸੀ। ਕੋਲਿਨਜ਼ ਦੇ ਭਾਸ਼ਾ ਖਰੜੇ ਦੇ ਮੁਖੀ ਹੇਲਨ ਨਿਊਸਟੈੱਡ ਨੇ ਕਿਹਾ ਕਿ ਫੇਕ ਨਿਊਜ਼ ਤੱਥਾਂ ਜਾਂ ਦੋਸ਼ਾਂ ਦਾ ਬਿਆਨ ਹੁੰਦਾ ਹੈ ਪਰ ਇਸ ਸਾਲ ਉਸ ਤੋਂ ਬਚਣਾ ਮੁਸ਼ਕਲ ਸੀ। ਉਂਜ ਖ਼ਬਰਾਂ ਨਸ਼ਰ ਕਰਨ ਦੇ ਮਾਮਲੇ ’ਚ ਸਮਾਜ ਦੇ ਭਰੋਸੇ ਨੂੰ ਢਾਹ ਲਾਈ ਗਈ ਹੈ।