ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਜਾ ਪਹੁੰਚ ਗਿਆ ਹੈ। ਭਾਰਤ ਹੀ ਨਹੀਂ ਹੁਣ ਇਸ ਅੰਦੋਲਨ ਦੀ ਗੂੰਝ ਵਿਦੇਸ਼ਾਂ 'ਚ ਵੀ ਸੁਣਨ ਨੂੰ ਮਿਲ ਰਹੀ ਹੈ। ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ  ਤੇ ਅਮਰੀਕਾ ਵਰਗੇ ਮੁਲਕਾਂ 'ਚ ਵੀ ਪੰਜਾਬੀ ਸੜਕਾਂ ਤੇ ਉੱਤਰ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

ਆਸਟ੍ਰੇਲੀਆ ਭਰ ਵਿੱਚ ਕਿਸਾਨ ਹਿਤੈਸ਼ੀਆਂ ਵੱਲੋਂ ਖੇਤੀ ਬਿੱਲਾਂ ਖਿਲਾਫ ਕਾਰ ਰੈਲੀਆਂ ਤੇ ਵੱਖ ਵੱਖ ਥਾਂ ਸ਼ਾਂਤਮਈ ਪ੍ਰਦਰਸ਼ਨ ਕੱਢਿਆ ਗਿਆ। ਮੈਲਬੌਰਨ, ਸਿਡਨੀ, ਤੇ ਐਡੀਲੇਡ ਵਿਖੇ ਪੰਜਾਬੀਆਂ ਵੱਲੋਂ ਕਿਸਾਨਾਂ ਦੀ ਹਿਮਾਇਤ 'ਚ ਜ਼ਬਰਦਸਤ ਪ੍ਰਦਰਸ਼ਨ ਕੀਤੇ ਗਏ। ਮੈਲਬੌਰਨ ਦੇ ਉੱਤਰ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਕਰੇਗੀਬਰਨ ਤੋਂ ਇੱਕ ਕਾਰ ਰੈਲੀ ਕੱਢੀ ਗਈ ਜੋ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਮਾਪਤ ਹੋਈ।



ਇਸ ਦੇ ਨਾਲ ਹੀ ਵਿਕਟੋਰੀਅਨ ਪਾਰਲੀਮੈਂਟ, ਫੈਡਰੇਸ਼ਨ ਸਕੁਅੇਰ, ਗੁਰਦੇਆਰਾ ਸਾਹਿਬ ਟਾਰਨੇਟ, ਮੈਲਟਨ, ਵੁੱਡਲੀ, ਵੈਰਿਬੀ ਤੇ ਪੈਕਨਮ ਵਿੱਚ ਕਈ ਦਿਨਾਂ ਤੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਜ਼ਬਰਸਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਿਡਨੀ ਵਿੱਚ ਵੀ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ ਵਜੋਂ ਇੱਕ ਕਾਰ ਰੈਲੀ ਵੀ ਕੱਢੀ ਗਈ। ਐਡੀਲੇਡ 'ਚ ਵੀ ਵਿਕਟੋਰੀਆ ਸਕੁਅੇਰ ਤੇ ਪਾਰਲੀਮੈਂਟ ਸਾਹਮਣੇ ਪ੍ਰਦਰਸ਼ਨ ਕੀਤੇ ਗਏ।ਬ੍ਰਿਸਬੇਨ ਤੇ ਪਰਥ ਵਿਖੇ ਵੀ ਸ਼ਾਂਤਮਈ ਪ੍ਰਦਰਸ਼ਨ ਹੋਏ।






ਇਸ ਤਰ੍ਹਾਂ ਕੈਨੇਡਾ ਵਿੱਚ ਵੀ ਵੱਖ-ਵੱਖ ਥਾਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਬਰੈਂਪਟਨ ਵਿੱਚ ਵੀ ਲੋਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ੍ਹ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਜ਼ਾਹਿਰ ਕੀਤਾ



ਸੈਂਕੜੇ ਸਿੱਖ ਅਮਰੀਕੀਆਂ ਨੇ ਸ਼ਾਂਤਮਈ ਢੰਗ ਨਾਲ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਸ਼ਨੀਵਾਰ ਨੂੰ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਰੈਲੀਆਂ ਕੀਤੀਆਂ। ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਦਰਸ਼ਨਕਾਰੀਆਂ ਦੇ ਵੱਡੇ ਕਾਫਲੇ ਨੇ ਸੈਨ ਫ੍ਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਵੱਲ ਸ਼ਨੀਵਾਰ ਨੂੰ ‘ਬੇ ਬ੍ਰਿਜ’ ਤੇ ਆਵਾਜਾਈ ਬੰਦ ਕਰ ਦਿੱਤੀ। ਇਸ ਤੋਂ ਇਲਾਵਾ, ਸੈਂਕੜੇ ਪ੍ਰਦਰਸ਼ਨਕਾਰੀ ਇੰਡੀਆਨਾਪੋਲਿਸ ਵਿੱਚ ਇਕੱਠੇ ਹੋਏ।



ਲੰਡਨ ‘ਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਇਸੇ ਸਿਲਸਿਲੇ ‘ਚ ਐਤਵਾਰ ਨੂੰ ਹਜ਼ਾਰਾਂ ਲੋਕਾਂ ਨੇ ਲੰਡਨ ‘ਚ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ। ਪ੍ਰਦਰਸ਼ਨਕਾਰੀਆਂ ਦੀ ਭੀੜ ਲੰਡਨ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੀ ਹੋਈ ਤੇ ਉੱਥੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਟ੍ਰਾਫਲਗਰ ਸਕਵਾਇਰ ਦੇ ਆਸ-ਪਾਸ ਮਾਰਚ ਵੀ ਕੀਤਾ।