ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖ਼ਲ ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਇਸਤਗਾਸਾ ਰਾਬਰਟ ਮੂਲਰ ਨੇ ਆਪਣੀ ਟੀਮ ਤੋਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੂੰ ਵੱਖ ਕਰ ਦਿੱਤਾ ਹੈ। ਪੀਟਰ ਸਟ੍ਰੋਜਕ ਨਾਂ ਦੇ ਇਸ ਅਧਿਕਾਰੀ 'ਤੇ ਆਪਣੇ ਇਕ ਸਹਿਯੋਗੀ ਨੂੰ ਡੋਨਾਲਡ ਟਰੰਪ ਵਿਰੋਧੀ ਸੰਦੇਸ਼ ਭੇਜਣ ਦਾ ਦੋਸ਼ ਹੈ। ਅਮਰੀਕੀ ਨਿਆਂ ਵਿਭਾਗ ਪੀਟਰ 'ਤੇ ਪਹਿਲਾਂ ਹੀ ਮੁੱਢਲੀ ਕਾਰਵਾਈ ਕਰ ਚੁੱਕਾ ਹੈ।

ਉਸ ਦੀ ਐੱਫਬੀਆਈ ਦੇ ਮਨੁੱਖੀ ਵਸੀਲਾ ਵਿਭਾਗ 'ਚ ਤਾਇਨਾਤੀ ਕਰ ਦਿੱਤੀ ਗਈ ਹੈ। ਨਿਆਂ ਵਿਭਾਗ ਨੇ ਵੀ ਹੁਣ ਆਪਣੀ ਜਾਂਚ 'ਚ ਤੇਜ਼ੀ ਲਿਆਂਦੀ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਸੰਦੇਸ਼ 'ਚ ਅਮਰੀਕੀ ਰਾਸ਼ਟਰਪਤੀ ਦੇ ਵਿਰੋਧ 'ਚ ਕੀ ਗੱਲਾਂ ਲਿਖੀਆਂ ਸਨ। ਇਸ ਵਿਸ਼ੇ 'ਤੇ ਜਾਂਚ ਏਜੰਸੀਆਂ ਗੰਭੀਰ ਹਨ ਕਿਉਂਕਿ ਟਰੰਪ ਇਸ ਮਾਮਲੇ 'ਚ ਮੂਲਰ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰ ਸਕਦੇ ਹਨ।

ਯਾਦ ਰਹੇ ਕਿ ਪੀਟਰ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਚਰਚਿਤ ਨਿੱਜੀ ਈ-ਮੇਲ ਸਰਵਰ ਮਾਮਲੇ ਦੀ ਜਾਂਚ 'ਚ ਅਹਿਮ ਭੂਮਿਕਾ ਨਿਭਾਈ ਸੀ।