ਬਗਦਾਦ: ਇਰਾਕ ਦੇ ਦੱਖਣੀ ਸ਼ਹਿਰ ਨਾਸੀਰਿਆ ਦੇ ਕੋਵਿਡ ਹਸਪਤਾਲ 'ਚ ਆਕਸੀਜਨ ਟੈਂਕ 'ਚ ਹੋਏ ਧਮਾਕੇ ਮਗਰੋਂ ਲੱਗੀ ਅੱਗ 'ਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਤੇ 67 ਤੋਂ ਵੱਧ ਜ਼ਖ਼ਮੀ ਹੋਏ ਹਨ। ਸਿਹਤ ਅਧਿਕਾਰੀਆਂ ਤੇ ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਦੀ ਭਾਲ 'ਚ ਧੂੰਏਂ ਨਾਲ ਭਰੀ ਇਮਾਰਤ ਦੀ ਤਲਾਸ਼ੀ ਲਈ।


ਪ੍ਰਧਾਨ ਮੰਤਰੀ ਮੁਸਤਫਾ-ਅਲ-ਕਦੀਮੀ ਨੇ ਸੀਨੀਅਰ ਮੰਤਰੀਆਂ ਨਾਲ ਜ਼ਰੂਰੀ ਮੀਟਿੰਗ ਕੀਤੀ ਤੇ ਨਾਸੀਰਿਆ 'ਚ ਸਿਹਤ ਤੇ ਸਿਵਲ ਡਿਫੈਂਸ ਮੈਨੇਜਰਾਂ ਨੂੰ ਮੁਅੱਤਲ ਕਰਕੇ ਤੁਰੰਤ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ। ਬਿਆਨ 'ਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਮੈਨੇਜਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਤੇ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਯੁੱਧ ਤੇ ਪਾਬੰਦੀਆਂ ਨਾਲ ਤਬਾਹ ਹੋ ਚੁੱਕੀ ਇਰਾਕ ਦੀ ਸਿਹਤ ਪ੍ਰਣਾਲੀ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਹੈ।


ਕੋਰੋਨਾ ਵਾਇਰਸ ਨਾਲ ਇਸ ਦੇਸ਼ 'ਚ 17,592 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.4 ਮਿਲੀਅਨ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਨਾਸੀਰਿਆ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਅਲ-ਹੁਸੈਨ ਕੋਵਿਡ ਹਸਪਤਾਲ 'ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਪਰ ਸੰਘਣੇ ਧੂੰਏਂ ਕਾਰਨ ਸੜ ਚੁੱਕੇ ਕੁਝ ਵਾਰਡਾਂ 'ਚ ਦਾਖਲ ਹੋਣਾ ਮੁਸ਼ਕਲ ਹੋ ਰਿਹਾ ਸੀ।


ਇਕ ਸਿਹਤ ਕਰਮਚਾਰੀ ਨੇ ਦੱਸਿਆ ਕਿ ਕਈ ਮਰੀਜ਼ ਕੋਰੋਨਾ ਵਾਇਰਸ ਵਾਰਡ ਦੇ ਅੰਦਰ ਭਿਆਨਕ ਅੱਗ 'ਚ ਫਸ ਗਏ ਸਨ ਅਤੇ ਬਚਾਅ ਟੀਮ ਨੂੰ ਉਨ੍ਹਾਂ ਤਕ ਪਹੁੰਚਣ ਲਈ ਕਾਫ਼ੀ ਜੱਦੋਜਹਿਦ ਕਰਨੀ ਪਈ। ਸ਼ੁਰੂਆਤੀ ਪੁਲਿਸ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਅੱਗ ਹਸਪਤਾਲ ਦੇ ਕੋਵਿਡ-19 ਵਾਰਡ ਦੇ ਅੰਦਰ ਆਕਸੀਜਨ ਟੈਂਕ 'ਚ ਧਮਾਕੇ ਕਾਰਨ ਲੱਗੀ ਸੀ। ਹਸਪਤਾਲ ਦੇ ਇਕ ਗਾਰਡ ਅਲੀ ਮੁਹਸਿਨ ਨੇ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਵਾਰਡ ਦੇ ਅੰਦਰ ਕਾਫ਼ੀ ਤੇਜ਼ ਧਮਾਕਾ ਸੁਣਿਆ ਅ=ਤੇ ਫਿਰ ਅੱਗ ਬਹੁਤ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ।


ਸਿਹਤ ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਬਹੁਤ ਸਾਰੇ ਮਰੀਜ਼ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ 'ਚ ਦੋ ਸਿਹਤ ਕਰਮਚਾਰੀ ਵੀ ਸ਼ਾਮਲ ਹਨ।