ਆਰੈਂਜ ਕਾਲਿਫ਼: ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਦੱਖਣ ’ਚ ਇੱਕ ਦਫ਼ਤਰ ਦੀ ਇਮਾਰਤ ’ਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਕਾਰਣ ਇੱਕ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇੱਕ ਪੁਲਿਸ ਮੁਲਾਜ਼ਮ ਇਸ ਹਾਦਸੇ ’ਚ ਜ਼ਖ਼ਮੀ ਵੀ ਹੋਇਆ ਹੈ। ਪੁਲਿਸ ਨੇ ਲੋਕਾਂ ਉੱਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਵੀ ਪੁਲਿਸ ਦੀ ਗੋਲੀ ਲੱਗੀ ਹੈ ਤੇ ਉਹ ਜ਼ਖ਼ਮੀ ਹੈ।


ਪੁਲਿਸ ਅਧਿਕਾਰੀ ਤੇ ਮੁਲਜ਼ਮ ਦੀ ਤਾਜ਼ਾ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਲੈਫ਼ਟੀਨੈਂਟ ਜੈਨੀਫ਼ਰ ਅਮਤ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਬਿਲਡਿੰਗ ਦੀ ਦੂਜੀ ਮੰਜ਼ਲ ’ਤੇ ਵਾਪਰੀ। ਆਰੈਂਜ ਦੇ ਲਿੰਕਨ ਏਵੇਨਿਊ ’ਚ ਗੋਲੀਬਾਰੀ ਦੀ ਇਹ ਵਾਰਦਾਤ ਸ਼ਾਮੀਂ 5:30 ਵਜੇ ਵਾਪਰੀ। ਹਾਲੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਨੇ ਗੋਲੀਆਂ ਕਿਉਂ ਚਲਾਈਆਂ। ਆਖ਼ਰ ਕਿਉਂ ਅਜਿਹਾ ਹਮਲਾ ਕੀਤਾ ਗਿਆ ਤੇ ਉੱਥੇ ਬੱਚਾ ਕਿਉਂ ਮੌਜੂਦ ਸੀ।



ਵਾਰਦਾਤ ਵਾਲੀ ਥਾਂ ਦਰਅਸਲ ਇੱਕ ਵਪਾਰਕ ਇਲਾਕਾ ਹੈ। ਉੱਥੇ ਇੰਸ਼ਯੋਰੈਂਸ ਸਮੇਤ ਕਾਊਂਸਲਿੰਗ ਸਰਵਿਸ ਦੇ ਦਫ਼ਤਰ ਹਨ। ਪੁਲਿਸ ਮੁਤਾਬਕ ਸ਼ਾਮੀਂ ਲਗਭਗ 7 ਵਜੇ ਹਾਲਾਤ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਪੁਲਿਸ ਨੇ ਕਿਹਾ ਕਿ ਹੁਣ ਕੋਈ ਖ਼ਤਰਾ ਨਹੀਂ ਹੈ।


ਅਮਰੀਕਾ ’ਚ ਅਜਿਹੀ ਘਟਨਾ ਕੋਈ ਪਹਿਲੀ ਵਾਰ ਨਹੀਂ ਵਾਪਰੀ। ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਅਮਰੀਕਾ ’ਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਇਸ ਵਰ੍ਹੇ 2021 ਦੌਰਾਨ ਹੁਣ ਤੱਕ 447 ਵਿਅਕਤੀਆਂ ਦੀਆਂ ਜਾਨਾਂ ਲੈ ਚੁੱਕੀਆਂ ਹਨ ਅਤੇ ਇਨ੍ਹਾਂ ਘਟਨਾਵਾਂ ’ਚ 325 ਵਿਅਕਤੀ ਜ਼ਖ਼ਮੀ ਹੋਏ ਹਨ। ਅੰਕੜਿਆਂ ਅਨੁਸਾਰ ਬੀਤੇ ਮਾਰਚ ਮਹੀਨੇ ਦੌਰਾਨ ਅਮਰੀਕਾ ’ਚ ਗੋਲੀਬਾਰੀ ਦੀਆਂ 47 ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ 47 ਵਿਅਕਤੀ ਮਾਰੇ ਗਏ।


ਅਮਰੀਕਾ ’ਚ ਅਜਿਹੀ ਹਿੰਸਾ ਪਿੱਛੇ ਦਰਅਸਲ ਇਸ ਦੇਸ਼ ਦਾ ਗਨ ਕਲਚਰ (ਬੰਦੂਕ ਸਭਿਆਚਾਰ) ਹੈ। ਇਸ ਦੇਸ਼ ਵਿੱਚ ਹਥਿਆਰਾਂ ਦੀ ਖ਼ਰੀਦ-ਵੇਚ ਉੱਤੇ ਕਿਤੇ ਕੋਈ ਪਾਬੰਦੀ ਨਹੀਂ ਹੈ। ਇੱਥੇ ਕੋਈ ਵੀ ਹਥਿਆਰ ਹਾਸਲ ਕਰਨਾ ਕੋਈ ਸਮੱਸਿਆ ਨਹੀਂ। ਹਥਿਆਰਾਂ ਦੀ ਖ਼ਰੀਦ-ਵੇਚ ਬਾਰੇ ਕਾਨੂੰਨਾਂ ਵਿੱਚ ਤਬਦੀਲੀ ਦਾ ਮੁੱਦਾ ਕਈ ਵਾਰ ਉੱਠਿਆ ਪਰ ਇਹ ਮਾਮਲਾ ਹਾਲੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ।


ਇਹ ਵੀ ਪੜ੍ਹੋ: Kirron Kher Blood Cancer: ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਤੇ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਨੂੰ ਬਲੱਡ ਕੈਂਸਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904