ਵਾਸ਼ਿੰਗਟਨ: ਜੀਨਾ ਹਾਸਪੇਲ ਅਮਰੀਕਾ 'ਚ ਸੈਂਟਰਲ ਇੰਟੈਲੀਜੈਂਸ ਏਜੰਸੀ ਦੀ ਪਹਿਲੀ ਮਹਿਲਾ ਨਿਦੇਸ਼ਕ ਬਣੇਗੀ। ਅਮਰੀਕੀ ਸੈਨੇਟ ਵੱਲੋਂ ਜੀਨਾ ਨੂੰ ਸੀਆਈਏ ਦਾ ਅਗਲਾ ਨਿਦੇਸ਼ਕ ਬਣਾਉਣ ਦੀ ਪੁਸ਼ਟੀ ਕਰ ਦਿੱਤੀ ਹੈ।


 

ਅਮਰੀਕਾ 'ਚ 9/11 ਹਮਲੇ ਤੋਂ ਬਾਅਦ ਸੀਆਈਏ ਦੇ ਪੁੱਛਗਿੱਛ ਪ੍ਰੋਗਰਾਮ 'ਚ ਜੀਨਾ ਦੀ ਭੂਮਿਕਾ ਦੀ ਵਿਰੋਧੀ ਧਿਰ ਵੱਲੋਂ ਲਗਾਤਾਰ ਆਲੋਚਨਾ ਕੀਤੀ ਗਈ ਸੀ ਪਰ ਛੇ ਡੈਮੋਕਰੇਟਿਕ ਸੈਨੇਟਰਾਂ ਦੇ ਸਮਰਥਨ ਦੇ ਨਾਲ ਜੀਨਾ ਨੇ 45 ਦੇ ਮੁਕਾਬਲੇ 54 ਵੋਟ ਲੈ ਕੇ ਜਿੱਤ ਹਾਸਲ ਕੀਤੀ। ਸੀਆਈਏ ਦੇ 70 ਸਾਲ ਦੇ ਇਤਿਹਾਸ 'ਚ ਜੀਨਾ ਪਹਿਲੀ ਮਹਿਲਾ ਨਿਦੇਸ਼ਕ ਬਣੇਗੀ।

ਜ਼ਿਕਰਯੋਗ ਹੈ ਕਿ ਸੀਆਈਏ ਦੇ ਅਹੁਦੇ ਲਈ ਜੀਨਾ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਨੌਮੀਨੇਟ ਕੀਤਾ ਸੀ। ਕਰੀਬ ਤਿੰਨ ਦਹਾਕਿਆਂ ਤੋਂ ਜੀਨਾ ਸੀਆਈਏ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੀ ਹੈ। ਹੁਣ ਤੱਕ ਉਹ ਅਫਰੀਕਾ, ਯੂਰਪ ਤੇ ਵਿਸ਼ਵ 'ਚ ਕਈ ਖੁਫੀਆ ਜਗ੍ਹਾ 'ਤੇ ਕੰਮ ਕਰ ਚੁੱਕੀ ਹੈ।

ਕੀ ਹੈ ਸੀਆਈਏ ਤੇ ਇਸ ਦਾ ਕੰਮ :

ਸੀਆਈਏ ਅਮਰੀਕਾ ਦੀ ਇਕ ਖੁਫੀਆ ਏਜੰਸੀ ਹੈ ਜਿਸ ਦਾ ਕੰਮ ਅਮਰੀਕਾ ਦੀ ਨੈਸ਼ਨਲ ਸਿਕਿਓਰਟੀ ਨਾਲ ਜੁੜੀ ਜਾਣਕਾਰੀ ਨੂੰ ਦੁਨੀਆ ਭਰ ਤੋਂ ਇਕੱਠਾ ਕਰਕੇ ਉਸ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ। ਏਜੰਸੀ ਦੇ ਸਾਰੇ ਅਧਿਕਾਰੀ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਨੂੰ ਰਿਪੋਰਟ ਕਰਦੇ ਹਨ।