ਵਾਸ਼ਿੰਗਟਨ: ਅਮਰੀਕੀ ਸਫ਼ੀਰਾਂ, ਜਾਸੂਸਾਂ ਤੇ ਫ਼ੌਜੀ ਜਵਾਨਾਂ ਦੇ ਦਿਮਾਗ 'ਤੇ ਮਾਈਕ੍ਰੋ ਵੇਵ ਤੇ ਰੇਡੀਓ ਵੇਵ ਦੇ ਹਮਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ 'ਚ ਅਜਿਹੇ ਹਮਲਿਆਂ 'ਚ ਤੇਜ਼ੀ ਆਈ ਹੈ। ਹੁਣ ਤਕ ਵਿਗਿਆਨੀ ਤੇ ਸਰਕਾਰੀ ਅਧਿਕਾਰੀ ਇਹ ਪਤਾ ਨਹੀਂ ਲਾ ਸਕੇ ਹਨ ਕਿ ਇਨ੍ਹਾਂ ਹਮਲਿਆਂ ਪਿੱਛੇ ਕੌਣ ਹੈ। ਕੌਮਾਂਤਰੀ ਮਾਹਿਰ ਮੰਨਦੇ ਹਨ ਕਿ ਜੇ ਇਨ੍ਹਾਂ ਹਮਲਿਆਂ 'ਚ ਕਿਸੇ ਅਮਰੀਕੀ ਵਿਰੋਧੀ ਦਾ ਹੱਥ ਸਾਬਤ ਹੁੰਦਾ ਹੈ ਤਾਂ ਉਸ ਸਥਿਤੀ 'ਚ ਵਾਸ਼ਿੰਗਟਨ ਕੋਈ ਵੱਡਾ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ।


ਫਿਲਹਾਲ ਬਾਇਡੇਨ ਪ੍ਰਸ਼ਾਸਨ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੇ ਪ੍ਰਭਾਵਿਤ ਲੋਕਾਂ ਨੂੰ ਬਿਹਤਰ ਡਾਕਟਰੀ ਦੇਖਭਾਲ ਮੁਹੱਈਆ ਕਰਾਉਣ ਦੀ ਗੱਲ ਕਹਿ ਰਿਹਾ ਹੈ। ਅਜਿਹੇ ਹਮਲਿਆਂ ਦਾ ਪਹਿਲਾ ਮਾਮਲਾ ਸਾਲ 2016 'ਚ ਕਿਊਬਾ 'ਚ ਅਮਰੀਕੀ ਸਫ਼ਾਰਤਖਾਨੇ 'ਚ ਸਾਹਮਣੇ ਆਇਆ ਸੀ। ਇਸੇ ਕਾਰਨ ਇਸ ਨੂੰ ਹਵਾਨਾ ਸਿੰਡਰੋਮ ਨਾਂ ਦਿੱਤਾ ਗਿਆ ਹੈ।


ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਹੁਣ ਤਕ ਇਸ ਤਰ੍ਹਾਂ ਦੇ 130 ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਹੀ ਦਰਜਨਾਂ ਕੇਸ ਦਰਜ ਕੀਤੇ ਗਏ ਹਨ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਇਨ੍ਹਾਂ ਹਮਲਿਆਂ ਦੀ ਜਾਂਚ ਕਰ ਰਹੀ ਹੈ। ਜਿਨ੍ਹਾਂ ਲੋਕਾਂ 'ਤੇ ਇਹ ਹਮਲਾ ਹੋਇਆ ਹੈ, ਉਨ੍ਹਾਂ ਨੇ ਡਾਕਟਰਾਂ ਨੂੰ ਸਿਰਦਰਦ ਤੇ ਚੱਕਰ ਆਉਣ ਦੀ ਗੱਲ ਕਹੀ ਹੈ। ਕਈਆਂ ਨੇ ਹਮਲੇ ਤੋਂ ਪਹਿਲਾਂ ਉੱਚੀ ਆਵਾਜ਼ ਸੁਣਨ ਦੀ ਗੱਲ ਵੀ ਦੱਸੀ ਹੈ।


ਵਾਸ਼ਿੰਗਟਨ 'ਚ ਘੱਟੋ-ਘੱਟ ਦੋ ਅਜਿਹੀਆਂ ਘਟਨਾਵਾਂ ਦਾ ਪਤਾ ਲੱਗਿਆ ਹੈ। ਇਨ੍ਹਾਂ 'ਚੋਂ ਇਕ ਹਮਲਾ ਪਿਛਲੇ ਸਾਲ ਨਵੰਬਰ 'ਚ ਵ੍ਹਾਈਟ ਹਾਊਸ ਨੇੜੇ ਹੋਇਆ ਸੀ। ਇਸ ਦੀ ਲਪੇਟ 'ਚ ਆਏ ਇੱਕ ਅਧਿਕਾਰੀ ਨੇ ਹਮਲੇ ਤੋਂ ਬਾਅਦ ਚੱਕਰ ਆਉਣ ਦੀ ਗੱਲ ਕਹੀ ਸੀ।


ਪ੍ਰਭਾਵਿਤ ਲੋਕਾਂ ਦੀ ਪੈਰਵੀ ਕਰਨ ਵਾਲੇ ਵਾਸ਼ਿੰਗਟਨ ਦੇ ਇੱਕ ਵਕੀਲ ਮਾਰਕ ਜੈਦ ਨੇ ਸਰਕਾਰ ਉੱਤੇ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬਾਰੇ ਪਹਿਲਾਂ ਹੀ ਜਾਣੂ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਰਾਸ਼ਟਰੀ ਸੁਰੱਖਿਆ ਏਜੰਸੀ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੂੰ 1990 'ਚ ਇੱਕ ਦੁਸ਼ਮਣ ਦੇਸ਼ ਵੱਲੋਂ ਇਸ ਤਰ੍ਹਾਂ ਦੇ ਹਮਲੇ ਦੀ ਜਾਣਕਾਰੀ ਸੀ।


ਟਰੰਪ ਪ੍ਰਸ਼ਾਸਨ ਦੇ ਅੰਤਮ ਮਹੀਨਿਆਂ ਦੌਰਾਨ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸ ਮਿੱਲਰ ਨੇ ਇਨ੍ਹਾਂ ਹਮਲਿਆਂ ਦੀ ਜਾਂਚ ਲਈ ਪੈਂਟਾਗਨ ਅਧਿਕਾਰੀਆਂ ਦੀ ਇਕ ਟੀਮ ਬਣਾਈ ਸੀ। ਦੱਸ ਦਈਏ ਕਿ ਮਿਲਰ ਨੇ ਅਜਿਹੇ ਹਮਲੇ ਨਾਲ ਪੀੜ੍ਹਤ ਇਕ ਫ਼ੌਜੀ ਜਵਾਨ ਨੂੰ ਮਿਲਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਸਨ। ਰੱਖਿਆ ਵਿਭਾਗ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਥਾਮਸ ਕੈਂਪਬੇਲ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਹਮਲਿਆਂ ਪਿੱਛੇ ਕੌਣ ਹੈ। ਹਾਲਾਂਕਿ ਅਜੇ ਤਕ ਕਿਸੇ ਵੀ ਦੇਸ਼ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ।



ਵਿਦੇਸ਼ ਵਿਭਾਗ ਨਾਲ ਜੁੜੇ ਸਾਲ 2018 ਦੇ ਦਸਤਾਵੇਜ਼ਾਂ 'ਚ ਹਵਾਨਾ 'ਚ ਹੋਈ ਘਟਨਾ ਲਈ ਸੀਨੀਅਰ ਲੀਡਰਸ਼ਿਪ ਦੀ ਕਮੀ ਨੂੰ ਕਾਰਨ ਦੱਸਿਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਜੇ ਤਕ ਹਮਲਿਆਂ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਇਨ੍ਹਾਂ ਹਮਲਿਆਂ ਤੋਂ ਬਾਅਦ ਸੀਆਈਏ ਨੇ ਹਵਾਨਾ 'ਚ ਆਪਣਾ ਸਟੇਸ਼ਨ ਬੰਦ ਕਰ ਦਿੱਤਾ, ਜਿਸ ਨੂੰ ਇਕ ਤਰੀਕੇ ਨਾਲ ਦੁਸ਼ਮਣ ਦੀ ਜਿੱਤ ਮੰਨਿਆ ਜਾ ਰਿਹਾ ਹੈ।