ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਕੌਮੀ ਅਸੈਂਬਲੀ ਚੋਣਾਂ ਲਈ ਪਾਕਿਸਤਾਨ ਮੁਸਲਿਮ ਲੀਗ ਦੇ ਪ੍ਰਮੁੱਖ ਉਮੀਦਵਾਰ ਹਨੀਫ ਅੱਬਾਸੀ ਨੂੰ ਅਦਾਲਤ ਨੇ ਛੇ ਸਾਲ ਪੁਰਾਣੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਡਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਾਬੰਦੀਸ਼ੁਦਾ ਰਸਾਇਣ ਅਫੇਡ੍ਰਿਨ ਦੀ ਦੁਰਵਰਤੋਂ ਨਾਲ ਸਬੰਧਤ ਮਾਮਲੇ 'ਚ ਪੀਐਮਐਲ-ਐਨ ਦੇ ਸੀਨੀਅਰ ਨੇਤਾ ਅਨੀਫ ਅੱਬਾਸੀ ਨੂੰ ਨਾਰਕੋਟਿਕਸ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਂਟੀ ਨਾਰਕੋਟਿਕਸ ਫੋਰਸ ਨੇ ਅੱਬਾਸੀ ਸਣੇ ਨੌਂ ਹੋਰਾਂ ਖਿਲਾਫ ਜੂਨ 2012 'ਚ ਮਾਮਲਾ ਦਰਜ ਕੀਤਾ ਸੀ। ਅੱਬਾਸੀ ਨੂੰ ਸ਼ਨੀਵਾਰ ਅਦਾਲਤ 'ਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਡਿਆਲਾ ਜੇਲ੍ਹ 'ਚ ਲਿਜਾਇਆ ਗਿਆ ਜਿੱਥੇ ਪਹਿਲਾਂ ਤੋਂ ਹੀ ਨਵਾਜ਼ ਸ਼ਰੀਫ ਬੰਦ ਹਨ।
ਅੱਬਾਸੀ ਰਾਵਲਪਿੰਡੀ ਤੋਂ ਅਵਾਮੀ ਮੁਸਲਿਮ ਲੀਗ ਦੇ ਪ੍ਰਮੁੱਖ ਸ਼ੇਖ ਰਾਸ਼ਿਦ ਖਿਲਾਫ ਚੋਣ ਲੜ੍ਹ ਰਹੇ ਹਨ। ਅੱਬਾਸੀ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਹੁਣ ਰਾਸ਼ਿਦ ਦਾ ਜਿੱਤਣਾ ਲਾਜ਼ਮੀ ਹੈ ਕਿਉਂਕਿ ਪੀਐਮਐਲ-ਐਨ ਵੱਲੋਂ ਕੋਈ ਕਵਰਿੰਗ ਉਮੀਦਵਾਰ ਨਹੀਂ।