ਓਟਾਵਾ: ਕੈਨੇਡਾ ਵਿੱਚ ਇੱਕ ਸਿੱਖ 'ਤੇ ਦੋ ਗੋਰਿਆਂ ਵੱਲੋਂ ਚਾਕੂ ਨਾਲ ਹਮਲਾ ਕਰਨ ਤੇ ਉਸ ਦੀ ਪੱਗ ਉਛਾਲ ਕੇ ਨਸਲੀ ਹਮਲੇ ਨੂੰ ਅੰਜਾਮ ਦੇਣ ਦੀ ਘਿਨਾਉਣੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਸ਼ੀਆਂ ਨੇ ਪੀੜਤ ਸਿੱਖ ਲਈ ਭੱਦੀ ਨਸਲੀ ਸ਼ਬਦਾਵਲੀ ਵੀ ਵਰਤੀ। ਸੀ.ਬੀ.ਸੀ. ਨਿਊਜ਼ ਮੁਤਾਬਕ ਦੋਵੇਂ ਮੁਲਜ਼ਮ ਵੀਹਾਂ ਕੁ ਸਾਲਾਂ ਦੇ ਸਨ। ਉਨ੍ਹਾਂ ਪੀੜਤ ਸਿੱਖ ਨੂੰ ਲੁੱਟਣ ਤੋਂ ਇਲਾਵਾ ਚਾਕੂ ਵਿਖਾ ਕੇ ਡਰਾਇਆ ਤੇ ਉਸ ਦੀ ਦਸਤਾਰ ਵੀ ਉਤਾਰ ਦਿੱਤੀ।


ਪੁਲਿਸ ਮੁਤਾਬਕ ਘਟਨਾ ਬੀਤੇ ਮੰਗਲਵਾਰ ਨੂੰ ਦੇਰ ਰਾਤ 11:25 ਦੀ ਹੈ, ਜਦੋਂ ਉਕਤ ਸਿੱਖ ਵੈਸਟਗੇਟ ਸ਼ਾਪਿੰਗ ਸੈਂਟਰ ਲਾਗੇ ਆਪਣੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੀੜਤ ਸਿੱਖ ਆਪਣਾ ਕਾਰੋਬਾਰ ਚਲਾਉਂਦਾ ਹੈ। ਉਸ 'ਤੇ ਹਮਲਾ ਕਰ ਨੌਜਵਾਨਾਂ ਨੇ ਉਸ ਦੀ ਪੱਗ ਉਤਾਰ ਦਿੱਤੀ ਤੇ ਉਸ ਦਾ ਫ਼ੋਨ ਤੇ ਬੱਸ ਪਾਸ ਆਦਿ ਲੁੱਟ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਜਾਪਦੇ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਮਲਾ ਨਸਲੀ ਹੈ ਜਾਂ ਨਹੀਂ।

ਕੈਨੇਡਾ ਦੀ ਦੋਵੇਂ ਪ੍ਰਮੁੱਖ ਪਾਰਟੀਆਂ ਡੈਮੋਕ੍ਰੈਟਿਕ ਤੇ ਕਨਜ਼ਰਵੇਟਿਵ ਦੇ ਲੀਡਰਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਲੀਡਰਾਂ ਨੇ ਕਿਹਾ ਕਿ ਸਿੱਖ ਕੈਨੇਡਾ ਦੀ ਤਰੱਕੀ ਵਿੱਚ ਤਕਰੀਬਨ ਇੱਕ ਸਦੀ ਤੋਂ ਬਹੁਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ।

ਉੱਥੇ ਹੀ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਨੇ ਕਿਹਾ ਕਿ ਇਹ ਹਮਲਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਹੈ। ਡਬਲਿਊ.ਐਸ.ਓ. ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਅਜਿਹੇ ਹਮਲੇ ਸਿੱਖ ਭਾਈਚਾਰੇ ਵਿੱਚ ਸਹਿਣਸ਼ੀਲਤਾ ਨੂੰ ਖ਼ਤਮ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਬਰਦਸਤੀ ਦਸਤਾਰ ਉਤਰਵਾਉਣਾ ਸਿੱਖ ਦੀ ਹੱਦੋਂ ਵੱਧ ਬੇਇੱਜ਼ਤੀ ਕਰਨ ਦੇ ਬਰਾਬਰ ਹੈ।