ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਆ ਚੁੱਕਾ ਹੈ। ਜੋ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਚੋਣਾਂ ਦੇ ਦਿਨ ਹੀ ਇਹ ਸਾਫ ਹੋਣ ਲੱਗ ਗਿਆ ਸੀ ਕਿ ਜੋ ਬਾਇਡਨ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਵਾਈਟ ਹਾਊਸ 'ਚੋਂ ਬਾਹਰ ਜਾਣ ਲਈ ਮਜਬੂਰ ਕਰ ਦੇਣਗੇ। ਗਿਣਤੀ ਦੇ ਆਖਰੀ ਦੌਰ 'ਚ ਨੇਵਾਡਾ, ਪੈਂਸਿਲਵੇਨੀਆ ਅਤੇ ਜੌਰਜੀਆ 'ਚ ਬਾਇਡਨ ਨੇ ਬੜ੍ਹਤ ਬਣਾਈ ਤਾਂ ਉਸ ਵੇਲੇ ਉਨ੍ਹਾਂ ਦੀ ਜਿੱਤ ਨੂੰ ਲੈਕੇ ਥੋੜਾ ਬਹੁਤ ਖਦਸ਼ਾ ਸੀ ਉਹ ਵੀ ਦੂਰ ਹੋ ਗਿਆ।
ਇਨ੍ਹਾਂ ਸੂਬਿਆਂ 'ਚੋਂ ਅੱਗੇ ਵਧ ਜਾਣ 'ਤੇ ਇਹੀ ਸਵਾਲ ਬਚੇ ਸਨ ਕਿ ਬਾਇਡਨ ਕਿੱਥੋਂ ਜਿੱਤਣਗੇ, ਕਦੋਂ ਜਿੱਤਣਗੇ ਤੇ ਕਿੰਨੀਆਂ ਵੋਟਾਂ ਨਾਲ ਜਿੱਤਣਗੇ। ਸ਼ਨੀਵਾਰ ਜਿਵੇਂ ਹੀ ਪੈਂਸਿਲਵੇਨੀਆ 'ਚ ਨਿਊਜ਼ ਏਜੰਸੀ ਨੇ ਉਨ੍ਹਾਂ ਦੀ ਜਿੱਤ ਦੀ ਖਬਰ ਦਿੱਤੀ ਤਾਂ ਇਸ ਮੁਕਾਬਲੇ ਦਾ ਵੀ ਅੰਤ ਹੋ ਗਿਆ। 20 ਇਲੈਕਟੋਰਲ ਵੋਟਾਂ ਵਾਲੇ ਪੈਂਸਿਲਵੇਨੀਆ 'ਚ ਜਿੱਤ ਦਾ ਮਤਲਬ ਸੀ ਕਿ ਬਾਇਡਨ 270 ਦੇ ਜਾਦੂਈ ਅੰਕੜੇ ਤੋਂ ਅੱਗੇ ਨਿੱਕਲ ਗਏ ਹਨ। ਪੈਂਸਿਲਵੇਨੀਆ ਇਕ ਤਰ੍ਹਾਂ ਨਾਲ ਬਾਇਡਨ ਲਈ ਆਖਰੀ ਵੱਡਾ ਮੋਰਚਾ ਸੀ। ਖਾਸਕਰ ਉਦੋਂ ਜਦੋਂ ਉਨ੍ਹਾਂ ਡੈਮੋਕ੍ਰੇਟਸ ਲਈ 'ਬਲੂ ਵਾਲ' ਜਿੱਤ ਲਿਆ ਸੀ। ਇਹ ਸੂਬੇ ਰਿਪਬਲਿਕਨ ਉਮੀਦਵਾਰ ਲਈ ਵੱਡੀ ਅੜਚਨ ਰਹੇ ਹਨ। ਪਰ 2016 'ਚ ਪੈਂਸਿਲਵੇਨੀਆ, ਵਿਸਕਾਂਸਿਨ ਤੇ ਮਿਸ਼ਿਗਨ ਨੇ ਟਰੰਪ ਨੂੰ ਸਫਲਤਾ ਦਿਵਾਈ ਸੀ।
ਬਾਇਡਨ ਨੇ ਸਨ ਬੈਲਟ 'ਚ ਵੀ ਇਤਿਹਾਸਕ ਕਾਮਯਾਬੀ ਹਾਸਲ ਕੀਤੀ ਹੈ। ਉਹ 1996 ਤੋਂ ਬਾਅਦ ਏਰੀਜੋਨ ਜਿੱਤਣ ਵਾਲੇ ਪਹਿਲੇ ਡੈਮੋਕ੍ਰਏਟ ਬਣੇ ਹਨ। ਉਨ੍ਹਾਂ ਜੌਰਜੀਆ 'ਚ ਵੀ ਵੱਡੀ ਬੜ੍ਹਤ ਹਾਸਲ ਕਰ ਲਈ ਜਿੱਥੇ 1992 ਤੋਂ ਕੋਈ ਡੈਮੋਕ੍ਰੇਟ ਨਹੀਂ ਜਿੱਤਿਆ। ਡੈਮੋਕ੍ਰੇਟਸ ਨੇ ਇਲੈਕਸ਼ਨ ਡੇਅ ਨੂੰ ਇਕ ਲੈਂਡਸਲਾਇਡ ਜਿੱਤ ਦੀ ਉਮੀਦ ਜਿਵਾਈ ਸੀ ਪਰ ਜਲਦ ਹੀ ਉਨ੍ਹਾਂ ਦੀ ਇਹ ਉਮੀਦ ਫਿੱਕੀ ਪੈਣ ਲੱਗੀ ਕਿਉਂਕਿ ਰਾਸ਼ਟਰਪਤੀ ਦਾ ਗੋਦ ਲਿਆ ਹੋਇਆ ਸੂਬਾ ਫਲੋਰਿਡਾ ਮੰਗਲਵਾਰ ਟਰੰਪ ਦੇ ਖਾਤੇ ਚਲਾ ਗਿਆ।
ਚੋਣਾਂ ਦੀ ਰਾਤ ਦੋਵੇਂ ਹੀ ਉਮੀਦਵਾਰਾਂ ਨੇ ਆਪਣੇ ਰਵਾਇਤੀ ਸੂਬੇ ਜਿੱਤ ਲਏ। ਬਾਇਡਨ ਦੇ ਖਾਤੇ 'ਚ ਵੈਸਟ ਕੋਸਟ, ਨਿਊ ਇੰਗਲੈਂਡ ਤੇ ਮਿਡ ਅਟਲਾਂਟਿਕ 'ਚ ਡੈਮੋਕ੍ਰੇਟਿਕ ਸੂਬੇ ਗਏ। ਟਰੰਪ ਨੇ ਜ਼ਿਆਦਾਤਰ ਸਾਊਥ, ਟੈਕਸਾਸ ਅਤੇ ਰੂਰਲ, ਮਾਊਂਟੇਨ ਵੈਸਟ ਤੇ ਮਿਡਵੈਸਟ ਜਿੱਤ ਲਏ।
ਆਖਿਰ ਕਿੱਥੇ ਰਹੇ ਟਰੰਪ ਪਿੱਛੇ
ਇਹ ਚੋਣਾਂ ਕਈ ਮਾਇਨਿਆਂ 'ਚ ਕੋਰੋਨਾ ਵਾਇਰਸ ਨੂੰ ਲੈਕੇ ਟਰੰਪ ਦੀ ਗਲਤ ਮੈਨੇਜਮੈਂਟ 'ਤੇ ਇਕ ਜਨਮਤ ਸੰਗ੍ਰਹਿ ਸੀ। ਇਸ ਚੋਣ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਵਾਰ ਭਾਰੀ ਸੰਖਿਆਂ 'ਚ ਪੋਸਟਲ ਵੋਟਿੰਗ ਹੋਈ। ਮੇਲ ਬੈਲੇਟਸ ਨੂੰ ਗਿਣਨ ਦੀ ਪ੍ਰਕਿਰਿਆ ਵੀ ਲੰਬੀ ਤੇ ਮੁਸ਼ਕਿਲ ਸੀ। ਹਾਲਾਂਕਿ ਸਿਰਫ ਪੰਜ ਹੀ ਸੂਬਿਆਂ 'ਚ ਡਾਕ ਨਾਲ ਚੋਣ ਹੋਈ। ਇਹ ਡਰ ਬਣਿਆ ਹੋਇਆ ਸੀ ਕਿ ਵੋਟਿੰਗ ਲਈ ਲੰਬੀਆਂ ਲਾਈਨਾਂ ਤੇ ਭੀੜ ਭਾੜ ਵਾਲੇ ਪੋਲਿੰਗ ਸਟੇਸ਼ਨਾਂ ਦੀ ਵਜ੍ਹਾ ਨਾਲ ਕੋਰੋਨਾ ਜ਼ਿਆਦਾ ਫੈਲ ਸਕਦਾ ਹੈ।
ਡਾਕ ਬੈਲੇਟਸ ਦੀ ਗਿਣਤੀ ਜਿਵੇਂ ਜਿਵੇਂ ਅੱਗੇ ਵਧੀ ਸਾਫ ਹੁੰਦਾ ਗਿਆ ਕਿ ਲੋਕਾਂ ਨੇ ਬਾਇਡਨ ਨੂੰ ਚੁਣਿਆ ਹੈ। ਡਾਕ ਬੈਲੇਟਸ ਕਾਰਨ ਬਾਇਡਨ ਦੀ ਬੜ੍ਹਤ ਅੱਗੇ ਵਧਣ ਲੱਗੀ। ਕੀ ਇਹ ਟਰੰਪ ਦੀ ਹਾਰ ਦਾ ਇਕ ਵੱਡਾ ਕਾਰਨ ਹੈ ਕਿਉਂਕਿ ਕਈ ਮਹੀਨਿਆਂ ਤਕ ਟਰੰਪ ਆਪਣੇ ਸਮਰਥਕਾਂ ਨੂੰ ਦੱਸਦੇ ਰਹੇ ਕਿ ਡਾਕ ਜ਼ਰੀਏ ਵੋਟ ਪਾਉਣਾ ਵੱਡੀ ਧਾਂਦਲੀ ਹੋ ਸਕਦਾ ਹੈ। ਉਹ ਆਪਣੇ ਸਮਰਥਕਾਂ ਨੂੰ ਡਾਕ ਵੋਟਿੰਗ ਤੋਂ ਕਿਨਾਰਾ ਕਰਨ ਲਈ ਕਹਿੰਦੇ ਰਹੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ