ਵਾਸ਼ਿੰਗਟਨ: ਚੱਕਰਵਤੀ ਤੂਫ਼ਾਨ ਡੋਰੀਅਨ ਤੇਜ਼ ਰਫ਼ਤਾਰ ਨਾਲ ਅਮਰੀਕਾ ਦੇ ਫਲੋਰੀਡਾ ਵੱਲ ਵੱਧ ਰਿਹਾ ਹੈ। ਅਟਲਾਂਟਿਕ ਦੀਆਂ ਗਰਮ ਜਲ ਧਾਰਾਵਾਂ ਕਾਰਨ ਇਹ ਖ਼ਤਰਨਾਕ ਸ਼੍ਰੇਣੀ-3 ਦਾ ਤੂਫ਼ਾਨ ਬਣ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੇ ਖ਼ਤਰੇ ਨੂੰ ਦੇਖਦਿਆਂ ਆਪਣੇ ਪੋਲੈਂਡ ਦਾ ਦੌਰਾ ਰੱਦ ਕਰ ਦਿੱਤਾ ਹੈ। ਖ਼ਦਸ਼ਾ ਹੈ ਕਿ ਇਹ ਅਮਰੀਕਾ ਵਿੱਚ ਹੁਣ ਤਕ ਦਾ ਸਭ ਤੋਂ ਭਿਆਨਕ ਤੂਫ਼ਾਨ ਹੋਵੇਗਾ।


ਸਰਕਾਰ ਨੇ ਹਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਤਾਂ ਨਹੀਂ ਕਿਹਾ ਹੈ, ਪਰ ਚੌਕਸੀ ਵਧਾ ਦਿੱਤੀ ਗਈ ਹੈ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਰਾਸ਼ਟਰਪਤੀ ਟਰੰਪ ਦੀ ਥਾਂ ਉਪ-ਰਾਸ਼ਟਰਪਤੀ ਮਾਈਕ ਪੇਂਸ ਨੂੰ ਪੋਲੈਂਡ ਭੇਜਿਆ ਜਾਵੇਗਾ। ਟਰੰਪ ਨੇ ਵੀਰਵਾਰ ਨੂੰ ਟਵੀਟ ਕਰ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਤੂਫ਼ਾਨ ਡੋਰੀਅਨ ਐਤਵਾਰ ਨੂੰ ਦੇਰ ਰਾਤ ਸਮੇਂ ਫਲੋਰੀਡਾ ਨਾਲ ਟਕਰਾਏਗਾ।


ਫਲੋਰੀਡਾ ਦੇ ਗਵਰਨਰ ਰਾਨ ਡੀਸਾਂਟਿਸ ਨੇ ਸੂਬੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ। ਉਨ੍ਹਾਂ ਘੱਟੋ-ਘੱਟ ਸੱਤ ਦਿਨਾਂ ਲਈ ਭੋਜਨ ਤੇ ਪਾਣੀ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਲ 2017 ਵਿੱਚ ਅਮਰੀਕਾ ਦੇ ਪਿਊਟੋ ਰਿਕੋ ਵਿੱਚ ਦੋ ਭਿਆਨਕ ਤੂਫ਼ਾਨਾਂ ਨੇ ਭਿਆਨਕ ਤਬਾਹੀ ਮਚਾਈ ਸੀ, ਜਿਸ ਵਿੱਚ 3,000 ਲੋਕਾਂ ਦੀ ਮੌਤ ਹੋ ਗਈ ਸੀ।