ਕੌਮਾਂਤਰੀ ਮੁਦਰਾ ਕੋਸ਼ (IMF) ਨੇ ਦੁਨੀਆ ਦੇ ਅਰਥਚਾਰੇ ਨੂੰ ਵੱਡਾ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਜਤਾਇਆ ਹੈ। IMF ਦਾ ਕਹਿਣਾ ਹੈ ਕਿ ਇਸ ਸਮੇਂ ਦੁਨੀਆ ਸਾਲ 1930 ਦੀ ਮਹਾਮੰਦੀ ਤੋਂ ਵੀ ਭਿਆਨਕ ਸੰਕਟ ਵਿੱਚ ਘਿਰ ਚੁੱਕੀ ਹੈ। ਜੇਕਰ ਕੋਰੋਨਾ ਮਹਾਮਾਰੀ ਲੰਮੀ ਚੱਲੀ ਤਾਂ ਸਰਕਾਰਾਂ ਤੇ ਕੇਂਦਰੀ ਬੈਂਕਾਂ ਲਈ ਸੰਕਟ 'ਤੇ ਕਾਬੂ ਪਾਉਣਾ ਵੱਡੀ ਚੁਣੌਤੀ ਸਾਬਤ ਹੋਵੇਗਾ।

IMF ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਦਾ ਮੰਨਣਾ ਹੈ ਕਿ ਹੁਣ ਪੈਦਾ ਹੋਏ ਸੰਕਟ ਨਾਲ ਦੁਨੀਆ ਦੀ GDP ਵਿੱਚ ਨੌਂ ਖਰਬ ਡਾਲਰ ਦੀ ਕਮੀ ਆ ਸਕਦੀ ਹੈ। IMF ਦੀ ਹਾਲੀਆ ਰਿਪੋਰਟ ਵਿੱਚ ਬ੍ਰਿਟੇਨ, ਜਰਮਨੀ, ਜਾਪਾਨ ਵੱਲੋਂ ਮਹਾਮਾਰੀ ਖ਼ਿਲਾਫ਼ ਚੁੱਕੇ ਗਏ ਕਦਮਾ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਇਹ ਵੀ ਦੱਸਿਆ ਹੈ ਕਿ ਇਸ ਮਹਾਮਾਰੀ ਤੋਂ ਕੋਈ ਵੀ ਮੁਲਕ ਬਚ ਨਹੀਂ ਸਕਦਾ।



ਗੋਪੀਨਾਥ ਮੁਤਾਬਕ ਜੇਕਰ ਸਾਲ 2020 ਦੇ ਜੂਨ ਵਿੱਚ ਕੋਰੋਨਾ ਮਹਾਮਾਰੀ ਘੱਟ ਹੋ ਜਾਂਦੀ ਹੈ ਤਾਂ ਅਗਲੇ ਸਾਲ ਜਨਵਰੀ ਤਕ ਕੌਮਾਂਤਰੀ ਪੱਧਰ 'ਤੇ ਆਰਥਿਕ ਵਿਕਾਸ ਕੁਝ ਰਫ਼ਤਾਰ ਫੜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 1930 ਦੀ ਮਹਾਮੰਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਸਥਿਤੀ ਨਾਲ ਸਾਹਮਣਾ ਹੋਇਆ ਹੈ। ਅਜਿਹੇ ਵਿੱਚ ਵਿਕਸਤ ਮੁਲਕ ਆਉਣ ਵਾਲੇ ਦੋ ਸਾਲਾਂ ਤਕ ਆਪਣੀ ਲੀਹ 'ਤੇ ਨਹੀਂ ਪਰਤ ਸਕਣਗੇ।

ਅਰਥਸ਼ਾਸਤਰੀ ਮੁਤਾਬਕ ਅਗਲੇ ਸਾਲ ਵਿੱਚ ਅਮਰੀਕਾ ਦੀ ਬੇਰੁਜ਼ਗਾਰੀ ਦਰ 10.4 ਫ਼ੀਸਦ ਹੋ ਜਾਵੇਗੀ ਤੇ ਵਿਕਾਸ ਦਰ ਵਿੱਚ 5.9 ਫ਼ੀਸਦ ਕਮੀ ਹੋ ਜਾਵੇਗੀ। ਸਾਲ 1964 ਤੋਂ ਬਾਅਦ ਅਮਰੀਕਾ ਵਿੱਚ ਅਜਿਹੇ ਵਿੱਤੀ ਹਾਲਾਤ ਪਹਿਲੀ ਵਾਰ ਬਣਨਗੇ। ਗੋਪੀਨਾਥ ਨੇ ਆਰਥਕ ਮੰਦੀ ਤੋਂ ਬਚਣ ਲਈ ਕੋਰੋਨਾ ਵਾਇਰਸ ਦੀ ਰੋਕਥਾਮ ਕਰਨ 'ਤੇ ਜ਼ੋਰ ਦਿੱਤਾ।