ਕਾਬੁਲ: ਤਾਲਿਬਾਨ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਹੈ। ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਟੈਨਿਕਜ਼ਈ ਨੇ ਕਿਹਾ ਹੈ ਕਿ ਅਸੀਂ ਭਾਰਤ ਨਾਲ 'ਦੋਸਤਾਨਾ ਸਬੰਧ' ਚਾਹੁੰਦੇ ਹਾਂ। ਇਸ ਤੋਂ ਬਾਅਦ ਤਾਲਿਬਾਨ ਦੀ ਬੇਨਤੀ 'ਤੇ ਦੋਹਾ ਵਿੱਚ ਮੰਗਲਵਾਰ ਨੂੰ ਭਾਰਤ ਦੇ ਸਫੀਰ ਦੀਪਕ ਮਿੱਤਲ ਨੇ ਤਾਲਿਬਾਨ ਦੇ ਪ੍ਰਤੀਨਿਧੀ ਸਟੈਨਿਕਜ਼ਈ ਨਾਲ ਮੁਲਾਕਾਤ ਕੀਤੀ।


ਇਸ ਮੁਲਾਕਾਤ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਤਾਲਿਬਾਨ ਨਾਲ ਸਬੰਧ ਬਣਾਉਣਾ ਚਾਹੁੰਦਾ ਹੈ, ਪਰ ਇਹ ਸਬੰਧ ਕਿਹੋ ਜਿਹੇ ਹੋਣਗੇ, ਇਹ ਤਾਲਿਬਾਨ ਦੇ ਕਦਮਾਂ 'ਤੇ ਨਿਰਭਰ ਕਰਦਾ ਹੈ। ਭਾਰਤ ਨੇ ਸਟੈਨਿਕਜ਼ਈ ਨਾਲ ਜੋ ਮੁੱਦੇ ਚੁੱਕੇ ਹਨ, ਉਸ ਬਾਰੇ ਤਾਲਿਬਾਨ ਦਾ ਸਟੈਂਡ ਦੋਵਾਂ ਦੇ ਰਿਸ਼ਤੇ ਨੂੰ ਤੈਅ ਕਰੇਗਾ।


ਦੂਜੇ ਪਾਸੇ ਭਾਰਤ ਦਾ ਅਫ਼ਗਾਨਿਸਤਾਨ ' ਲਗਪਗ 23 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੈ। ਭਾਰਤ ਨੇ ਪਿਛਲੇ 20 ਸਾਲਾਂ ' ਅਫਗਾਨਿਸਤਾਨ ਵਿੱਚ ਵਿਕਾਸ ਨਾਲ ਜੁੜੇ ਕਈ ਕੰਮ ਕੀਤੇ ਹਨ। ਅਜਿਹੀ ਸਥਿਤੀ ' ਤਾਲਿਬਾਨ ਦੇ ਭਾਰਤ ਨਾਲ ਚੰਗੇ ਸਬੰਧ ਰੱਖਣੇ ਜ਼ਰੂਰੀ ਹਨ।


ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰੈੱਸ ਬਿਆਨ ' ਕਿਹਾ ਗਿਆ ਕਿ ਇਹ ਮੀਟਿੰਗ ਤਾਲਿਬਾਨ ਦੀ ਬੇਨਤੀ ਤੋਂ ਬਾਅਦ ਹੋਈ ਹੈ। ਗੱਲਬਾਤ ਦਾ ਕੇਂਦਰ ਅਫਗਾਨਿਸਤਾਨ ' ਫਸੇ ਭਾਰਤੀਆਂ ਦੀ ਛੇਤੀ ਵਾਪਸੀ ਸੀ। ਅਜਿਹੇ ਅਫਗਾਨ ਨਾਗਰਿਕ ਖਾਸ ਕਰਕੇ ਘੱਟ ਗਿਣਤੀ, ਜੋ ਭਾਰਤ ਆਉਣਾ ਚਾਹੁੰਦੇ ਹਨ, ਬਾਰੇ ਵੀ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕੀਤਾ ਗਿਆ।


ਭਾਰਤੀ ਸਫੀਰ ਨੇ ਕਿਹਾ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਤਰ੍ਹਾਂ ਦੀ ਭਾਰਤ ਵਿਰੋਧੀ ਗਤੀਵਿਧੀਆਂ ਤੇ ਅੱਤਵਾਦ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਤਾਲਿਬਾਨ ਦੇ ਨੁਮਾਇੰਦੇ ਨੇ ਭਾਰਤ ਵੱਲੋਂ ਚੁੱਕੇ ਗਏ ਮੁੱਦਿਆਂ 'ਤੇ ਸਕਾਰਾਤਮਕ ਵਿਚਾਰ ਕਰਨ ਦਾ ਭਰੋਸਾ ਦਿੱਤਾ।


ਭਾਰਤ ਹੁਣ ਤਕ ਅਮਰੀਕਾ ਦੇ ਅਫ਼ਗਾਨਿਸਤਾਨ ਨੂੰ ਪੂਰੀ ਤਰ੍ਹਾਂ ਛੱਡਣ ਦੀ ਉਡੀਕ ਕਰ ਰਿਹਾ ਸੀ। ਅਮਰੀਕੀ ਫ਼ੌਜਾਂ ਨੇ 31 ਅਗਸਤ ਨੂੰ ਅਫਗਾਨਿਸਤਾਨ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ। ਇਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਹੁਣ ਅਫਗਾਨਿਸਤਾਨ ਦਾ ਭਵਿੱਖ ਪੂਰੀ ਤਰ੍ਹਾਂ ਤਾਲਿਬਾਨ ਦੇ ਹੱਥਾਂ ' ਹੈ। ਅਜਿਹੀ ਸਥਿਤੀ ' ਨਵੇਂ ਅਫਗਾਨਿਸਤਾਨ ਨਾਲ ਨਵੇਂ ਸਬੰਧ ਬਣਾਉਣ ਲਈ ਭਾਰਤ ਨੂੰ ਆਪਣੀ ਕੂਟਨੀਤੀ ਬਦਲਣੀ ਪਈ।


ਭਾਰਤ ਲਈ ਇਹ 'ਇੱਕ ਹੱਥ ਦਿਓ, ਇੱਕ ਹੱਥ ਲਓ' ਵਾਲਾ ਰਿਸ਼ਤਾ ਹੈ। ਤਾਲਿਬਾਨ ਭਾਰਤ ਤੋਂ ਵਪਾਰ ਚਾਹੁੰਦਾ ਹੈ। ਭਾਰਤ ਚਾਹੁੰਦਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ।