America : ਭਾਰਤ ਅਤੇ ਅਮਰੀਕਾ ਮਿਲ ਕੇ ਬਣਾਏਗਾ ਲੜਾਕੂ ਜੈੱਟ ਇੰਜਣ, ਅਮਰੀਕੀ ਸੰਸਦ ਤੋਂ ਮਿਲੀ ਮਨਜ਼ੂਰੀ
India - ਭਾਰਤ ਦੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਅਤੇ ਅਮਰੀਕਾ ਦੀ ਜੀਈ ਏਅਰੋਸਪੇਸ ਵਿਚਕਾਰ ਲੜਾਕੂ ਜੈੱਟ ਇੰਜਣ ਸਾਂਝੇ ਤੌਰ 'ਤੇ...
America - ਅਮਰੀਕੀ ਸੰਸਦ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਲੜਾਕੂ ਜਹਾਜ਼ ਇੰਜਣ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਦੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਅਤੇ ਅਮਰੀਕਾ ਦੀ ਜੀਈ ਏਅਰੋਸਪੇਸ ਵਿਚਕਾਰ ਲੜਾਕੂ ਜੈੱਟ ਇੰਜਣ ਸਾਂਝੇ ਤੌਰ 'ਤੇ ਬਣਾਉਣ ਦਾ ਸਮਝੌਤਾ ਹੋਇਆ ਸੀ। ਇਸ ਸੌਦੇ ਨੂੰ ਮਨਜ਼ੂਰੀ ਮਿਲਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।
ਦੱਸ ਦਈਏ ਕਿ ਇਸ ਸਾਲ ਜੂਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਇਸ ਸੌਦੇ 'ਤੇ ਸਹਿਮਤੀ ਬਣੀ ਸੀ। ਹੁਣ ਅਮਰੀਕੀ ਸੰਸਦ ਨੇ ਵੀ ਇਸ ਸੌਦੇ ਨੂੰ ਅੱਗੇ ਲਿਜਾਣ ਲਈ ਬਾਇਡਨ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੌਦੇ ਦੇ ਤਹਿਤ ਅਮਰੀਕਾ ਨੇ ਜੈੱਟ ਇੰਜਣਾਂ ਦੇ ਟੈਕਨਾਲੋਜੀ ਟ੍ਰਾਂਸਫਰ, ਨਿਰਮਾਣ ਅਤੇ ਲਾਇਸੈਂਸ ਲਈ ਭਾਰਤ ਨਾਲ ਸਮਝੌਤਾ ਕੀਤਾ ਸੀ।
ਜੀਈ ਏਅਰੋਸਪੇਸ ਕੰਪਨੀ ਐੱਫ-414 ਲੜਾਕੂ ਜੈੱਟ ਇੰਜਣਾਂ ਦੇ ਨਿਰਮਾਣ ਲਈ ਆਪਣੀ 80 ਫੀਸਦੀ ਤਕਨੀਕ ਭਾਰਤ ਨੂੰ ਟਰਾਂਸਫਰ ਕਰੇਗੀ। ਇਸ ਟੈਕਨਾਲੋਜੀ ਟ੍ਰਾਂਸਫਰ ਦਾ ਉਦੇਸ਼ ਲਾਈਟ ਕੰਬੈਟ ਏਅਰਕ੍ਰਾਫਟ (LCA) MKII ਦੀ ਸਮਰੱਥਾ ਨੂੰ ਵਧਾਉਣਾ ਹੈ। ਇਹ ਲੜਾਕੂ ਇੰਜਣ 'ਤੇਜਸ ਮਾਰਕ-2' ਲਈ ਬਣਾਏ ਜਾਣਗੇ। ਮਾਰਕ-2 ਤੇਜਸ ਦਾ ਐਡਵਾਂਸ ਮਾਡਲ ਹੈ ਅਤੇ ਇਸ ਨੂੰ GE-F414 ਇੰਜਣ ਨਾਲ ਲੈਸ ਕੀਤਾ ਜਾਣਾ ਹੈ।
ਸਾਂਝੇਦਾਰੀ ਨੂੰ ਐਚਏਐਲ ਦੇ ਮੁਖੀ ਸੀਬੀ ਅਨੰਤਕ੍ਰਿਸ਼ਨਨ ਨੇ "ਵੱਡੇ ਗੇਮ ਚੇਂਜਰ" ਵਜੋਂ ਸ਼ਲਾਘਾ ਕੀਤੀ ਹੈ ਕਿਉਂਕਿ ਇਹ ਭਵਿੱਖ ਦੇ ਸਵਦੇਸ਼ੀ ਇੰਜਣਾਂ ਲਈ ਆਧਾਰ ਬਣਾਏਗੀ ਜੋ ਫੌਜੀ ਜੈੱਟਾਂ ਨੂੰ ਸ਼ਕਤੀ ਦੇਣਗੇ। ਇਸ ਸੌਦੇ ਦੇ ਤਹਿਤ 99 ਜੈੱਟ ਇੰਜਣ ਬਣਾਏ ਜਾਣਗੇ, ਜੋ ਟੈਕਨਾਲੋਜੀ ਟਰਾਂਸਫਰ ਦੇ ਕਰਕੇ ਘੱਟ ਮਹਿੰਗੇ ਹੋਣਗੇ। F-414 ਇੰਜਣ ਆਪਣੀ ਭਰੋਸੇਯੋਗਤਾ ਅਤੇ ਪ੍ਰਦਰਸ਼ਨ ਲਈ ਮਸ਼ਹੂਰ ਹਨ।
GE ਏਅਰੋਸਪੇਸ, ਕੰਪਨੀ ਚਾਰ ਦਹਾਕਿਆਂ ਤੋਂ ਭਾਰਤ ਵਿੱਚ ਕੰਮ ਕਰ ਰਹੀ ਹੈ। ਇਸ ਸੌਦੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕੰਪਨੀ ਨੂੰ ਹੁਣ ਇੰਜਨ ਨਿਰਮਾਣ, ਐਵੀਓਨਿਕਸ, ਸੇਵਾਵਾਂ, ਇੰਜਨੀਅਰਿੰਗ, ਨਿਰਮਾਣ ਅਤੇ ਸਥਾਨਕ ਸੋਰਸਿੰਗ ਨੂੰ ਵਧਾਉਣ ਵਿੱਚ ਮਦਦ ਮਿਲੇਗੀ।
ਅਜਿਹੇ ਸੌਦੇ ਨਾਲ ਭਾਰਤ ਦੀ ਜੈੱਟ ਉਤਪਾਦਨ ਸਮਰੱਥਾ ਵੀ ਵਧੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਦੋ ਮੋਰਚਿਆਂ ਭਾਵ ਪਾਕਿਸਤਾਨ ਅਤੇ ਚੀਨ ਨਾਲ ਲੜਨ ਲਈ ਘੱਟੋ-ਘੱਟ 756 ਲੜਾਕੂ ਜਹਾਜ਼ ਜਾਂ 42 ਸਕੁਐਡਰਨ ਦੀ ਲੋੜ ਹੈ। ਇਸ ਸਮੇਂ ਹਵਾਈ ਸੈਨਾ ਕੋਲ ਕਰੀਬ 560 ਜੈੱਟ ਜਹਾਜ਼ ਹਨ। ਯਾਨੀ ਕਿ 196 ਲੜਾਕੂ ਜਹਾਜ਼ਾਂ ਦੀ ਭਾਰੀ ਕਮੀ ਹੈ। ਇਸ ਸੌਦੇ ਤੋਂ ਬਾਅਦ ਭਾਰਤ ਤੇਜ਼ੀ ਨਾਲ ਲੜਾਕੂ ਜਹਾਜ਼ਾਂ ਦੀ ਗਿਣਤੀ ਵਧਾਏਗਾ।