ਹਿਊਸਟਨ: ਤੂਫ਼ਾਨ ਹਾਰਵੇ ਤੋਂ ਝੰਬੇ ਹੋਏ ਅਮਰੀਕਾ ਨੂੰ ਇੱਕ ਭਾਰਤੀ ਮੂਲ ਦੇ ਅਮਰੀਕੀ ਜੋੜੇ ਨੇ ਵੱਡਾ ਜੇਰਾ ਕਰਦਿਆਂ ਹਿਊਸਟਨ ਮੇਅਰ ਰਾਹਤ ਫੰਡ ਵਿੱਚ ਇੱਕ ਕਰੋੜ 62 ਲੱਖ ਰੁਪਏ (2,50,000) ਅਮਰੀਕੀ ਡਾਲਰ ਦਾਨ ਵਜੋਂ ਦਿੱਤੇ ਹਨ। ਸਥਾਨਕ ਸ਼ਹਿਰ ਵਾਸੀ ਅਮਿਤ ਭੰਡਾਰੀ ਤੇ ਉਸ ਦੀ ਪਤਨੀ ਅਰਪਿਤਾ ਬ੍ਰਹਮਭੱਟ ਭੰਡਾਰੀ ਨੇ ਇਹ ਰਕਮ ਸ਼ਹਿਰ ਦੇ ਮੇਅਰ ਸਿਲਵੇਸਟਰ ਟਰਨਰ ਨੂੰ ਗ੍ਰੇਟਰ ਹਿਊਸਟਨ ਕਮਿਊਨਿਟੀ ਫਾਊਂਡੇਸ਼ਨ ਨੂੰ ਹਾਰਵੇ ਤੂਫ਼ਾਨ ਲਈ ਰਾਹਤ ਵਜੋਂ ਸੌਂਪੀ ਹੈ।

ਭੰਡਾਰੀ, ਊਰਜਾ ਤੇ ਖੇਤੀਬਾੜੀ ਸਬੰਧਤ ਕੰਪਨੀ ਬਾਇਓਊਰਜਾ ਗਰੁੱਪ ਦੇ ਸੀ.ਈ.ਓ. ਹਨ। ਉਨ੍ਹਾਂ ਦਾ ਕਾਰੋਬਾਰ ਹਿਊਸਟਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੈ। ਹਾਰਵੇ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਖ਼ਤਰਨਾਕ ਤੂਫ਼ਾਨਾਂ ਵਿੱਚੋਂ ਇੱਕ ਹੈ। ਇਸ ਤੂਫ਼ਾਨ ਕਾਰਨ ਲੱਖਾਂ ਦੀ ਗਿਣਤੀ ਵਿੱਚ ਘਰ ਹੜ੍ਹਾਂ ਦੀ ਮਾਰ ਹੇਠ ਆ ਗਏ, 30,000 ਲੋਕ ਬੇਘਰ ਹੋ ਗਏ, 17,000 ਲੋਕਾਂ ਨੂੰ ਬਚਾਇਆ ਗਿਆ ਤੇ 70 ਤੋਂ ਵੱਧ ਮੌਤਾਂ ਹੋ ਜਾਣ ਦੀ ਖ਼ਬਰ ਹੈ।

ਭਾਰਤੀ ਭਾਈਚਾਰੇ ਨੇ ਭੰਡਾਰੀ ਜੋੜੇ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਗਵਰਨਰ ਤੇ ਮੇਅਰ ਰਾਹਤ ਫੰਡ ਲਈ 1 ਮਿਲੀਅਨ ਡਾਲਰ ਦਾਨ ਵਜੋਂ ਇਕੱਠਾ ਕਰਨ ਦਾ ਟੀਚਾ ਵੀ ਮਿਥਿਆ। ਹਿਊਸਟਨ ਦੇ ਮੇਅਰ ਨੇ ਭਾਰਤੀ-ਅਮਰੀਕੀਆਂ ਦੀ ਇਸ ਕੋਸ਼ਿਸ਼ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਭਾਰਤੀ ਮੂਲ ਦੇ ਲੋਕਾਂ ਨੇ ਅਮਰੀਕਾ ਵਿੱਚ ਆਏ ਤੂਫ਼ਾਨ ਹਾਰਵੇ ਲਈ ਦਾਨ ਦਿੱਤਾ ਹੋਵੇ, ਸਗੋਂ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ ਦੇ ਵਿਕਾਸ ਲਈ ਅਥਾਹ ਯੋਗਦਾਨ ਪਾਇਆ ਹੈ।

ਟਰਨਰ ਨੂੰ ਇੱਕ ਹੋਰ ਉਪਰਾਲੇ ਬਾਰੇ ਦੱਸਿਆ ਗਿਆ ਜੋ ਕਿ ਤੂਫ਼ਾਨ ਤੋਂ ਪੀੜਤ ਲੋਕਾਂ ਲਈ ਬਣਾਇਆ ਮੋਬਾਈਲ ਐਪ ਸੀ। ਮੋਬਾਈਲ ਐਪ ਡਿਵੈਲਪਰ ਕੰਪਨੀ ਚਾਈਵਨ ਦੇ ਸੀ.ਈ.ਓ. ਗੌਰਵ ਖੰਡੇਲਵਾਲ ਨੇ ਦੱਸਿਆ ਕਿ ਇਸ ਐਪ ਦੀ ਮਦਦ ਨਾਲ ਪੀੜਤ ਤੇ ਦਾਨੀ ਸੱਜਣ ਸਿੱਧੇ ਰਾਬਤਾ ਕਾਇਮ ਕਰ ਸਕਦੇ ਹਨ।