ਸਟਾਕਹੋਮ (ਸਵੀਡਨ): ਦੁਨੀਆ ਨੂੰ ਤਬਾਹ ਕਰ ਦੇਣ ਵਾਲੇ ਪਰਮਾਣੂ ਹਥਿਆਰ ਦੇ ਮਾਮਲੇ 'ਚ ਚੰਗੀ ਖ਼ਬਰ ਸਾਹਮਣੇ ਆਈ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ (ਸਿਪਰੀ) ਦੀ ਐਤਵਾਰ ਨੂੰ ਜਾਰੀ ਈਅਰ ਬੁੱਕ ਮੁਤਾਬਕ ਦੁਨੀਆ ਵਿੱਚ ਐਟਮੀ ਹਥਿਆਰਾਂ ਦੀ ਤਾਦਾਦ ਘਟ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਦੁਨੀਆ ਦੇ ਕਰੀਬ 460 ਐਟਮੀ ਹਥਿਆਰ ਘੱਟ ਹੋ ਗਏ ਹਨ।

ਹਾਲਾਂਕਿ ਏਸ਼ੀਆ ਵਿੱਚ ਐਟਮੀ ਹਥਿਆਰਾਂ ਦੀ ਹੋੜ ਵਧਣੀ ਫਿਕਰ ਵਾਲੀ ਗੱਲ ਹੈ। ਰਿਪੋਰਟ ਮੁਤਾਬਕ, ਏਸ਼ੀਆ ਵਿੱਚ ਵਿਵਾਦਾਂ ਦੀ ਵਜ੍ਹਾ ਨਾਲ ਚੀਨ, ਭਾਰਤ, ਪਾਕਿਸਤਾਨ ਤੇ ਉੱਤਰੀ ਕੋਰੀਆ ਆਪਣੇ ਐਟਮੀ ਹਥਿਆਰਾਂ ਦਾ ਜ਼ਖੀਰਾ ਵਧਾ ਰਹੇ ਹਨ। ਭਾਰਤ ਦਾ ਚੀਨ ਤੇ ਪਾਕਿਸਤਾਨ ਨਾਲ ਵਿਵਾਦ ਚੱਲ ਰਿਹਾ ਹੈ ਜਦਕਿ ਨਾਰਥ ਕੋਰੀਆ ਦੀ ਅਮਰੀਕਾ ਤੇ ਸਾਊਥ ਕੋਰੀਆ ਨਾਲ ਤਨਾਤਨੀ ਹੈ।

ਨਾਰਥ ਕੋਰੀਆ ਐਟਮੀ ਸੰਕਟ ਵਿੱਚ 51 ਦੇਸ਼ਾਂ ਨੇ ਨਿਊਕਲੀਅਰ ਵੈਪਨਜ਼ ਨੂੰ ਗੈਰ ਕਾਨੂੰਨੀ ਐਲਾਨ ਕਰਨ ਲਈ ਨਵੀਂ ਸੰਧੀ 'ਤੇ ਯੂਐਨ ਜਨਰਲ ਅਸੈਂਬਲੀ ਦੌਰਾਨ ਬੁੱਧਵਾਰ ਨੂੰ ਦਸਤਖਤ ਕੀਤੇ। ਜੁਲਾਈ ਵਿੱਚ ਆਸਟਰੀਆ, ਬ੍ਰਾਜ਼ੀਲ, ਮੈਕਸੀਕੋ, ਦੱਖਣ ਅਫ਼ਰੀਕਾ ਤੇ ਨਿਊਜ਼ੀਲੈਂਡ ਦੀ ਲੀਡਰਸ਼ਿਪ ਵਿੱਚ 122 ਦੇਸ਼ਾਂ ਨੇ ਇਸ ਸੰਧੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਪਰਮਾਣੂ ਹਥਿਆਰ ਵਾਲੇ 9 ਦੇਸ਼ ਅਮਰੀਕਾ, ਰੂਸ, ਬ੍ਰਿਟੇਨ, ਚੀਨ, ਫਰਾਂਸ, ਭਾਰਤ, ਪਾਕਿਸਤਾਨ, ਉੱਤਰੀ ਕੋਰੀਆ ਤੇ ਇਜ਼ਰਾਈਲ ਇਸ ਵਿੱਚ ਸ਼ਾਮਲ ਨਹੀਂ ਹੋਏ। ਇਹ ਸਾਰੇ ਇਸ ਸੰਧੀ ਦੇ ਵਿਰੋਧ ਵਿੱਚ ਹਨ।

ਸਕਾਟਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ ਦੇ ਪਰਮਾਣੂ ਹਥਿਆਰ ਪ੍ਰੋਜੈਕਟ ਦੇ ਮੁਖੀ ਸ਼ੈਨੱਨ ਕਿਲੇ ਨੇ ਕਿਹਾ, "ਨਿਉਕਲੀਅਰ ਦੇ ਖੇਤਰ ਵਿੱਚ ਹਾਲ ਹੀ ਵਿੱਚ ਚੁੱਕੇ ਕਦਮ ਉਤਸ਼ਾਹਜਨਕ ਹਨ।" ਰਿਪੋਰਟ ਮੁਤਾਬਕ ਅਮਰੀਕਾ, ਰੂਸ, ਬ੍ਰਿਟੇਨ, ਚੀਨ, ਭਾਰਤ, ਪਾਕਿਸਤਾਨ ਸਮੇਤ 9 ਦੇਸ਼ਾਂ ਦੇ ਕੋਲ 14,935 ਪਰਮਾਣੂ ਹਥਿਆਰ ਹਨ।

ਸਿਪਰੀ ਮੁਤਾਬਕ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਐਟਮੀ ਹਥਿਆਰ ਰੂਸ ਦੇ ਕੋਲ ਹਨ। ਉ ਕੋਲ ਕਰੀਬ 7 ਹਾਜ਼ਰ ਹਥਿਆਰ ਹਨ। ਅਮਰੀਕਾ ਇਸ ਮਾਮਲੇ ਵਿੱਚ ਦੂਜੇ ਨੰਬਰ 'ਤੇ ਹੈ। ਏਸ਼ੀਆ 'ਚ ਸਭ ਤੋਂ ਵੱਧ ਪ੍ਰਮਾਣੂ ਹਥਿਆਰ ਚੀਨ ਦੇ ਕੋਲ ਹਨ।

ਏਸ਼ੀਆ ਵਿੱਚ ਪਰਮਾਣੂ ਹਥਿਆਰਾਂ ਨੂੰ ਵਧਾਉਣ ਦੀ ਹੋੜ ਮੱਚੀ ਹੋਈ ਹੈ। ਚੀਨ, ਭਾਰਤ, ਪਾਕਿਸਤਾਨ ਤੇ ਨਾਰਥ ਕੋਰੀਆ ਆਪਣੇ ਹਥਿਆਰਾਂ ਦੀ ਤਾਦਾਦ ਵਧਾ ਰਹੇ ਹਨ। ਤਣਾਅ ਦੀ ਵਜ੍ਹਾ ਨਾਲ ਇਨ੍ਹਾਂ ਦੇਸ਼ਾਂ ਦੇ ਪਰਮਾਣੂ ਜ਼ਖੀਰੇ ਵਿੱਚ ਵੀ ਇਜ਼ਾਫਾ ਹੋਇਆ ਹੈ। ਪਾਕਿਸਤਾਨ ਦੇ ਕੋਲ ਭਾਰਤ ਨਾਲੋਂ ਵੱਧ ਹਥਿਆਰ ਹਨ।