ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਸਾਈਲ, ਅਗਨੀ-5 ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਓੜੀਸਾ ਦੇ ਸ਼੍ਰੀਹਰੀਕੋਟਾ ਦੇ ਅਬਦੁਲ ਕਲਾਮ ਟਾਪੂ 'ਤੇ ਕੀਤਾ ਗਿਆ। ਅਗਨੀ ਫਾਈਵ ਦੀ ਰੇਂਜ ਪੰਜ ਹਜ਼ਾਰ ਕਿਲੋਮੀਟਰ ਹੈ। ਇਹ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ।
ਅਗਨੀ-5 ਮਿਸਾਈਲ ਦਾ ਵਜ਼ਨ 50 ਟਨ ਹੈ ਤੇ ਇਸ ਦੀ ਲੰਬਾਈ ਤਕਰੀਬਨ 17 ਮੀਟਰ ਤੇ ਮੋਟਾਈ 2 ਮੀਟਰ ਹੈ। ਇਹ ਤਕਰੀਬਨ 1500 ਕਿੱਲੋ ਦਾ ਗੋਲ਼ਾ-ਬਾਰੂਦ ਲਿਜਾਣ ਦੇ ਸਮਰੱਥ ਹੈ।
ਸੂਤਰਾਂ ਦੀ ਮੰਨੀਏ ਤਾਂ ਇਹ ਨਵੀਂ ਮਿਸਾਈਲ ਸਟ੍ਰੈਟਿਜਿਕ ਫੋਰਸ ਕਮਾਨ (ਐਸ.ਐਫ.ਸੀ.) ਦੇ ਜੰਗੀ ਬੇੜੇ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਅਗਨੀ-5 ਆਈ.ਸੀ.ਬੀ.ਐਮ. ਦਾ ਇਹ ਪੰਜਵਾ ਪ੍ਰੀਖਣ ਸੀ। ਸਤ੍ਹਾ ਤੋਂ ਸਤ੍ਹਾ ਤਕ ਮਾਰ ਕਰਨ ਵਾਲੀ ਇਸ ਮਿਸਾਇਲ ਦਾ ਸਭ ਤੋਂ ਪਹਿਲਾ ਟੈਸਟ 2012 ਵਿੱਚ ਕੀਤਾ ਗਿਆ ਸੀ।
ਅੱਜ ਦਾ ਪ੍ਰੀਖਣ ਸਫਲ ਰਹਿਣ ਤੋਂ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਡੀ.ਆਰ.ਡੀ.ਓ. ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਭਾਰਤ ਪਹਿਲਾਂ ਹੀ ਅਗਨੀ 1, 2 ਤੇ 3 ਮਿਸਾਇਲਾਂ ਨੂੰ ਤਿਆਰ ਕਰ ਚੁੱਕਾ ਹੈ। ਇਨ੍ਹਾਂ ਨੂੰ ਪਾਕਿਸਤਾਨ ਤੋਂ ਮਿਲ ਰਹੇ ਖ਼ਤਰੇ ਦੇ ਟਾਕਰੇ ਲਈ ਤਿਆਰ ਕੀਤਾ ਗਿਆ ਸੀ। ਜਦਕਿ, ਅਗਨੀ-5 ਨੂੰ ਵਿਸ਼ੇਸ਼ ਤੌਰ 'ਤੇ ਚੀਨ ਤੋਂ ਮਿਲ ਰਹੀਆਂ ਚੁਨੌਤੀਆਂ ਲਈ ਤਿਆਰ ਕੀਤਾ ਗਿਆ ਹੈ।
ਅਗਨੀ ਸੀਰੀਜ਼ ਦੀਆਂ ਮਿਜ਼ਾਇਲਾਂ ਦੀ ਜ਼ਿੰਮੇਵਾਰੀ ਐਸ.ਐਫ.ਸੀ. ਕਮਾਨ ਕੋਲ ਰਹਿੰਦੀ ਹੈ। ਪਰਮਾਣੂ ਹਥਿਆਰਾਂ ਤੇ ਆਈ.ਸੀ.ਬੀ.ਐਮ. ਮਿਜ਼ਾਇਲਾਂ ਦੀ ਜ਼ਿੰਮੇਵਾਰੀ ਵੀ ਇਸੇ ਕਮਾਨ ਦੇ ਹੱਥਾਂ ਵਿੱਚ ਹੁੰਦੀ ਹੈ। ਇਹ ਕਮਾਨ 2003 ਵਿੱਚ ਗਠਿਤ ਕੀਤੀ ਗਈ ਸੀ, ਜਿਸ ਵਿੱਚ ਤਿੰਨਾ ਫ਼ੌਜਾਂ ਯਾਨੀ ਥਲ ਸੈਨਾ, ਜਲ ਸੈਨਾ ਤੇ ਹਵਾਈ ਫ਼ੌਜ ਦੇ ਅਧਿਕਾਰੀ ਸ਼ਾਮਲ ਹੁੰਦੇ ਹਨ ਜੋ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੰਮ ਕਰਦੇ ਹਨ।