ਹਰਪਿੰਦਰ ਸਿੰਘ
ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ ਭਾਰਤੀ ਟੀਮ ਲਈ ਬੁਰੀ ਰਹੀ ਹੈ, ਪਰ 2017 'ਚ ਕੀਤੇ ਲਾਜਵਾਬ ਪ੍ਰਦਰਸ਼ਨ ਦਾ ਇਨਾਮ ਕੋਹਲੀ ਦੇ ਨਾਲ-ਨਾਲ 6 ਖਿਡਾਰੀਆਂ ਨੂੰ ਮਿਲ ਗਿਆ ਹੈ। ਭਾਰਤੀ ਕਪਤਾਨ ਨੂੰ ਆਈ.ਸੀ.ਸੀ. ਕ੍ਰਿਕਟਰ ਆਫ ਦ ਈਅਰ ਤੇ ਵਨ ਡੇਅ ਕ੍ਰਿਕਟਰ ਆਫ ਦ ਈਅਰ ਚੁਣਿਆ ਗਿਆ ਹੈ। ਟੈਸਟ ਕ੍ਰਿਕਟਰ ਆਫ ਦ ਈਅਰ ਐਵਾਰਡ ਆਸਟ੍ਰੇਲੀਆ ਟੀਮ ਦੇ ਕਪਤਾਨ ਸਟੀਵ ਸਮਿਥ ਦੇ ਖਾਤੇ 'ਚ ਗਿਆ।
ਇਸ ਦੇ ਨਾਲ ਹੀ ਆਈਸੀਸੀ ਦੀ ਟੈਸਟ ਤੇ ਵਨ ਡੇਅ ਟੀਮ ਦੀ ਕਮਾਨ ਵੀ ਵਿਰਾਟ ਕੋਹਲੀ ਨੂੰ ਸੌਂਪੀ ਗਈ। ਵਿਰਾਟ ਕੋਹਲੀ ਇਹ ਟ੍ਰਾਫੀ ਨੂੰ ਹਾਸਿਲ ਕਰ ਕੇ ਖੁਸ਼ ਹਨ ਤੇ ਉਨ੍ਹਾਂ ਇਸ ਕਾਮਯਾਬੀ ਦਾ ਸਿਹਰਾ ਆਪਣੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਦਿੱਤਾ। ਆਈ.ਸੀ.ਸੀ. ਵੱਲੋਂ 4 ਵੱਡੇ ਸਨਮਾਨ ਪਾਉਣ ਵਾਲੇ ਵਿਰਾਟ ਕੋਹਲੀ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। ਕੌਮਾਂਤਰੀ ਕ੍ਰਿਕਟ ਕੌਂਸਲ ਇਨ੍ਹਾਂ ਟੀਮਾਂ ਦੇ ਕੁਝ ਦੋਸਤਾਨਾਂ ਮੈਚ ਵੀ ਕਰਵਾਉਂਦੀ ਹੈ। ਹਾਲਾਂਕਿ, ਕਈ ਦੇਸ਼ਾਂ ਦੇ ਖਿਡਾਰੀਆਂ ਦੀ ਮਿਸ਼ਰਤ ਟੀਮ ਹੋਣ ਕਾਰਨ ਇਹ ਮੈਚ ਕਿਸੇ ਦੇ ਖਾਤੇ ਨਹੀਂ ਜਾਂਦੇ। ਇਨ੍ਹਾਂ ਨੂੰ ਕੇਵਲ ਸਨਮਾਨ ਤੇ ਵੱਕਾਰ ਦੇ ਨਜ਼ਰੀਏ ਨਾਲ ਹੀ ਵੇਖਿਆ ਜਾਂਦਾ ਹੈ।
2017 'ਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ
ਪਹਿਲੀ ਵਾਰ ਸਰ ਗੈਰੀ ਸੋਬਰਸ ਖਿਤਾਬ ਹਾਸਿਲ ਕਰਨ ਵਾਲੇ ਕੋਹਲੀ ਨੇ ਵਨ ਡੇਅ 'ਚ ਕੁੱਲ 26 ਮੈਚ ਖੇਡੇ, ਜਿਸ 'ਚ 76.84 ਦੀ ਔਸਤ ਨਾਲ 1460 ਦੌੜਾਂ ਬਣਾਈਆਂ। ਇਸ 'ਚ ਉਨ੍ਹਾਂ 6 ਸੈਂਕੜੇ ਤੇ 7 ਅਰਧ ਸੈਂਕੜੇ ਜੜੇ। ਉਨ੍ਹਾਂ ਸਟ੍ਰਾਈਕ ਰੇਟ 100 ਦੇ ਕਰੀਬ ਰਿਹਾ। ਇੱਕ ਦਿਨਾ ਕ੍ਰਿਕਟ 'ਚ ਕੋਹਲੀ ਸਚਿਨ ਤੇਂਦੁਲਕਰ ਤੋਂ ਬਾਅਦ ਸੈਂਕੜੇ ਬਣਾਉਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਹਨ।
ਟੈਸਟ ਕ੍ਰਿਕਟ 'ਚ ਕੋਹਲੀ ਨੇ ਕੁੱਲ 10 ਮੈਚ ਖੇਡੇ। ਜਿਸ 'ਚ ਉਨ੍ਹਾਂ 75.64 ਦੀ ਔਸਤ ਨਾਲ 1059 ਦੌੜਾਂ ਬਣਾਈਆਂ। ਕੋਹਲੀ ਨੇ 2017 ਵਰੇ 'ਚ 3 ਦੂਹਰੇ ਸੈਂਕੜੇ ਦੇ ਨਾਲ ਕੁੱਲ 5 ਸੈਂਕੜੇ ਜਮਾਏ। ਟੀ-20 'ਚ ਵੀ ਕੋਹਲੀ ਦਾ ਦਾ ਪ੍ਰਦਰਸ਼ਨ ਲਾਜਵਾਬ ਰਿਹਾ। ਉਨ੍ਹਾਂ ਬੀਤੇ ਵਰ੍ਹੇ 10 ਮੈਚਾਂ 'ਚ 152 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 299 ਰਨ ਬਣਾਏ। ਜਿਸ 'ਚ 82 ਸਰਬੋਤਮ ਸਕੋਰ ਰਿਹਾ।
ਟੈਸਟ ਟੀਮ ਦਾ ਹਿੱਸਾ ਬਣਨ ਵਾਲੇ ਭਾਰਤੀ ਖਿਡਾਰੀ-
ਆਈ.ਸੀ.ਸੀ. ਟੈਸਟ ਤੇ ਵਨਡੇ ਟੀਮ 'ਚ ਭਾਰਤ ਦੇ ਕੁੱਲ ਛੇ ਖਿਡਾਰੀ ਚੁਣੇ ਗਏ ਹਨ। ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਸਾਲ 2017 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚੇਤੇਸ਼ਵਰ ਪੁਜਾਰਾ ਨੂੰ ਚੁਣਿਆ ਗਿਆ ਤੇ ਤੀਜੇ ਖਿਡਾਰੀ ਆਰ. ਅਸ਼ਵਿਨ ਹਨ। ਪੁਜਾਰਾ ਨੇ ਜਿੱਥੇ 11 ਟੈਸਟ ਮੈਚਾਂ ਦੀਆਂ 18 ਪਾਰੀਆਂ ਵਿੱਚ 1140 ਦੌੜਾਂ ਬਣਾਈਆਂ ਉੱਥੇ ਹੀ ਅਸ਼ਵਿਨ ਨੇ 11 ਮੈਚਾਂ ਦੀਆਂ 21 ਪਾਰੀਆਂ ਵਿੱਚ ਕੁੱਲ 56 ਵਿਕਟਾਂ ਝਟਕਾਈਆਂ।
ODI ਟੀਮ 'ਚ ਦਾਖ਼ਲਾ ਪਾਉਣ ਵਾਲੇ ਭਾਰਤੀ ਖਿਡਾਰੀ-
ਇੱਕ ਦਿਨਾ ਟੀਮ 'ਚ ਵਿਰਾਟ ਕੋਹਲੀ ਦੇ ਨਾਲ ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਨੂੰ ਚੁਣਿਆ ਗਿਆ ਹੈ। ਭਾਰਤ ਦੇ ਨੌਜਵਾਨ ਗੇਂਦਬਾਜ਼ ਯੁਜਵਿੰਦਰ ਚਹਿਲ ਨੂੰ ਸਾਲ 2017 'ਚ ਇੰਗਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਲਈ ਟੀ-20 ਬੈਸਟ ਪਰਫਾਰਮੈਂਸ ਆਫ ਦ ਈਅਰ ਚੁਣਿਆ ਗਿਆ।
ਇਸ ਦੇਸ਼ ਦੇ ਖਿਡਾਰੀ ਵੀ ICC ਟੀਮਾਂ 'ਚ ਸ਼ਾਮਲ-
ਟੈਸਟ ਟੀਮ ਵਿੱਚ ਭਾਰਤ 3 ਖਿਡਾਰੀਆਂ ਤੋਂ ਇਲਾਵਾ ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਭਾਰਤ ਤੋਂ ਤਿੰਨ-ਤਿੰਨ ਖਿਡਾਰੀ ਸ਼ਾਮਲ ਹੋਏ ਹਨ ਜਦਕਿ ਇੰਗਲੈਂਡ ਦੇ ਦੋ ਖਿਡਾਰੀ ਸ਼ਾਮਲ ਹੋਏ ਹਨ। ਆਈ.ਸੀ.ਸੀ. ਦੀ ਇੱਕ ਦਿਨਾ ਪਲੇਇੰਗ ਇਲੈਵਨ ਵਿੱਚ ਭਾਰਤ ਦੇ ਤਿੰਨ, ਪਾਕਿਸਤਾਨ ਤੇ ਦੱਖਣੀ ਅਫਰੀਕਾ ਤੋਂ ਦੋ-ਦੋ ਖਿਡਾਰੀ ਸ਼ਾਮਲ ਹਨ। ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਤੇ ਅਫਗਾਨਿਸਤਾਨ ਤੋਂ ਇੱਕ-ਇੱਕ ਖਿਡਾਰੀ ਸ਼ਾਮਲ ਹੈ।
ICC ਟੀਮਜ਼ ਆਫ ਦ ਈਅਰ-
ਆਈ.ਸੀ.ਸੀ. 'ਟੈਸਟ ਟੀਮ ਆਫ ਦ ਈਅਰ': ਵਿਰਾਟ ਕੋਹਲੀ (ਕਪਤਾਨ), ਡੀਨ ਐਲਗਰ, ਡੇਵਿਡ ਵਾਰਨਰ, ਸਟੀਵ ਸਮਿੱਥ, ਚੇਤੇਸ਼ਵਰ ਪੁਜਾਰਾ, ਬੇਨ ਸਟੋਕਸ, ਕੁਇੰਟਨ ਡੀ ਕਾਕ (ਵਿਕੇਟਕੀਪਰ), ਰਵੀਚੰਦਰ ਅਸ਼ਵਿਨ, ਮਿਸ਼ੇਲ ਸਟਾਰਕ, ਕਗੀਸੋ ਰਬਾਦਾ ਤੇ ਜੇਮਸ ਐਂਡਰਸਨ।
ਆਈ.ਸੀ.ਸੀ 'ਵਨ ਡੇਅ ਟੀਮ ਆਫ ਦ ਈਅਰ': ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਡੇਵਿਡ ਵਾਰਨਰ, ਬਾਬਰ ਆਜ਼ਮ, ਅਬ੍ਰਾਹਮ ਡਿਵੀਲੀਅਰਜ਼, ਕੁਇੰਟਨ ਡੀ. ਕਾਕ (ਵਿਕੇਟਕੀਪਰ), ਬੇਨ ਸਟੋਕਸ, ਟ੍ਰੇਂਟ ਬਾਊਲਟ, ਹਸਨ ਅਲੀ, ਰਾਸ਼ਿਤ ਖ਼ਾਨ ਤੇ ਜਸਪ੍ਰੀਤ ਬੁਮਰਾਹ।