ਲੰਦਨ: ਪੰਜਾਬੀ ਮੂਲ ਦੇ ਕਰੋਬਾਰੀ ਉੱਪਰ ਯੂਕੇ 'ਚ ਪਤਨੀ ਦੇ ਕਤਲ ਦੇ ਇਲਜ਼ਾਮ ਲੱਗੇ ਹਨ। ਤਕਰੀਬਨ ਤਿੰਨ ਮਹੀਨਿਆਂ ਬਾਅਦ ਲਾਸ਼ ਘਰ 'ਚੋਂ ਹੀ ਮਿਲਣ 'ਤੇ ਪੁਲਿਸ ਦਾ ਸ਼ੱਕ ਮ੍ਰਿਤਕ ਸਰਬਜੀਤ ਕੌਰ ਦੇ ਪਤੀ 42 ਸਾਲਾ ਗੁਰਪ੍ਰੀਤ 'ਤੇ ਗਿਆ। ਸ਼ੁਰੂ ਵਿੱਚ ਇਸ ਨੂੰ ਲੁੱਟ ਦਾ ਮਾਮਲਾ ਮੰਨਿਆ ਜਾ ਰਿਹਾ ਸੀ।
ਵੈਸਟ ਮਿਡਲੈਂਡ ਦੀ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਕੇਸ ਬਹੁਤ ਹੈਰਾਨ ਕਰਨ ਵਾਲਾ ਸੀ। ਵੈਸਟ ਮਿਡਲੈਂਡ ਪੁਲਿਸ ਦੇ ਚੀਫ ਇੰਸਪੈਕਟਰ ਕ੍ਰਿਸ ਮੈਲੇਟ ਨੇ ਕਿਹਾ ਕਿ ਇਸ ਕੇਸ ਦੀ ਤਫਤੀਸ਼ ਵਿੱਚ ਅਹਿਮ ਸਬੂਤ ਮਿਲੇ ਹਨ ਤੇ ਸਰਬਜੀਤ ਕੌਰ ਦੇ ਪਰਿਵਾਰ ਤੇ ਦੋਸਤਾਂ ਦੀ ਪੂਰੀ ਮਦਦ ਕੀਤੀ ਜਾਵੇਗੀ।
ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਸਰਬਜੀਤ ਕੌਰ ਦੀ ਮੌਤ ਸਾਹ ਘੁੱਟਣ ਕਰਕੇ ਹੋਈ ਹੈ। ਸਭ ਤੋਂ ਪਹਿਲਾਂ ਉਸ ਦੇ ਪਤੀ ਨੇ ਹੀ ਉਸ ਨੂੰ ਮ੍ਰਿਤਕ ਹਾਲਤ 'ਚ ਦੇਖਿਆ। ਪੁਲਿਸ ਮੁਤਾਬਕ ਇਸ ਕੇਸ ਦੀ ਪੂਰੀ ਜ਼ਿੰਮੇਵਾਰੀ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਪਿੱਛੇ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।