ਲੰਡਨ: ਬ੍ਰਿਟੇਨ ਵਿੱਚ ਹੌਸਪੀਟੈਲਿਟੀ ਕਾਰੋਬਾਰ ਵਿੱਚ ਕੰਮ ਕਰ ਰਹੇ ਭਾਰਤੀਆਂ ਦੇ ਸਿਰ ਅਧੁਨਿਕ ਗ਼ੁਲਾਮੀ ਵਿੱਚ ਫਸਣ ਦੀ ਤਲਵਾਰ ਲਟਕ ਰਹੀ ਹੈ। ਇਹ ਖ਼ੁਲਾਸਾ ਦੇਸ਼ ਵਿੱਚ ਕੰਮ ਕਰਨ ਵਾਲਿਆਂ ਦੇ ਸ਼ੋਸ਼ਣ ’ਤੇ ਆਧਾਰਤ ਜਾਰੀ ਰਿਪੋਰਟ ਤੋਂ ਕੀਤਾ ਗਿਆ ਹੈ।

 

ਬ੍ਰਿਟੇਨ ਦੀ ਗੈਂਗਮਾਸਟਰਸ ਤੇ ਲੇਬਰ ਅਬਿਊਜ਼ ਆਥਾਰਿਟੀ (ਜੀਐਲਏਏ) ਦੀ ਰਿਪੋਰਟ ਮੁਤਾਬਕ ਬ੍ਰਿਟੇਨ ਵਿੱਚ ਆਧੁਨਿਕ ਗ਼ੁਲਾਮੀ ਐਕਟ ਲਾਗੂ ਹੋਣ ਤੋਂ ਬਾਅਦ ਆਧੁਨਿਕ ਗ਼ੁਲਾਮੀ ਦਾ ਸ਼ਿਕਾਰ ਹੋਣ ਵਾਲੇ ਕਰੀਬ 20 ਦੇਸ਼ਾਂ ਦੇ ਪੀੜਤਾਂ ਵਿੱਚ ਭਾਰਤ ਦੇ ਨਾਗਰਿਕ ਵੀ ਸ਼ਾਮਲ ਹਨ। ਭਾਰਤ ਦੀ ਪਛਾਣ ਅਜਿਹੇ ਭਿਆਨਕ ਖ਼ਤਰੇ ਵਾਲੇ ਦੇਸ਼ ਵਜੋਂ ਹੋਈ ਹੈ ਜਿੱਥੋਂ ਆਧੁਨਿਕ ਗ਼ੁਲਾਮ ਬ੍ਰਿਟੇਨ ਵਿੱਚ ਦਾਖ਼ਲ ਹੁੰਦੇ ਹਨ।

ਇਨ੍ਹਾਂ ਦੇਸ਼ਾਂ ਵਿੱਚ ਵੀਅਤਨਾਮ ਸਭ ਤੋਂ ਮੋਹਰੀ ਹੈ। ਇਸ ਤੋਂ ਬਾਅਦ ਰੋਮਾਨੀਆ, ਪੋਲੈਂਡ, ਚੀਨ, ਸੋਡਾਨ ਤੇ ਭਾਰਤ ਦਾ ਨੰਬਰ ਆਉਂਦਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਮ ਤੌਰ ’ਤੇ ਹੋਟਲ ਤੇ ਰੇਸਤਰਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਭਾਰਤੀ ਗ਼ੁਲਾਮ ਹੋ ਸਕਦੇ ਹਨ।

ਆਧੁਨਿਕ ਗੁਲਾਮੀ ਬਾਰੇ ਸਮਝਾਉਂਦਿਆਂ ਜੀਐਲਏਏ ਨੇ ਦੱਸਿਆ ਕਿ ਇਹ ਗ਼ੁਲਾਮੀ ਕਰਜ਼ਾ ਆਧਾਰਤ ਹੈ। ਯਾਨੀ ਜਿਹੜੇ ਲੋਕ ਲਿਆ ਗਿਆ ਕਰਜ਼ਾ ਦੇਣ ਦੇ ਸਮਰਥ ਨਹੀਂ, ਉਨ੍ਹਾਂ ਕੋਲੋਂ ਗੁਲਾਮੀ ਕਰਵਾ ਕੇ ਕਰਜ਼ਾ ਵਸੂਲਿਆ ਜਾਵੇਗਾ। ਅਜਿਹੇ ਗ਼ੁਲਾਮਾਂ ਦੇ ਬੈਂਕ ਖ਼ਾਤਿਆਂ ਤੇ ਤਨਖ਼ਾਹਾਂ ’ਤੇ ਉਨ੍ਹਾਂ ਦਾ ਮਾਲਕ ਦਾ ਕੰਟਰੋਲ ਹੋਵੇਗਾ।