ਲੰਡਨ: 9,000 ਕਰੋੜ ਦੇ ਕਰਜ਼ ਨਾ ਮੋੜਨ ਕਰ ਕੇ ਭਗੌੜੇ ਵਪਾਰੀ ਵਿਜੈ ਮਾਲਿਆ ਨੂੰ ਬ੍ਰਿਟੇਨ ਦੀ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਿੱਚ 13 ਭਾਰਤੀ ਬੈਂਕਾਂ ਦੇ ਸਾਂਝੇ ਹੰਭਲੇ ਵਿੱਚ ਆਪਣੇ £1.145 ਦੇ ਕਰਜ਼ ਦੀ ਵਸੂਲੀ ਵੱਲ ਇੱਕ ਕਦਮ ਹੋਰ ਵਧਾ ਲਿਆ ਹੈ। ਮੰਗਲਵਾਰ ਨੂੰ ਬਰਤਾਨਵੀ ਅਦਾਲਤ ਨੇ ਮਾਲਿਆ ਦੀ ਭਾਰਤੀ ਕਰਜ਼ ਵਸੂਲੀ ਟ੍ਰਿਬਿਊਨਲ ਦੀ ਕਾਰਵਾਈ ਨੂੰ ਰੋਕਣ ਸਬੰਧੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।

 

ਮੰਗਲਵਾਰ ਨੂੰ ਕੂਈਨਜ਼ ਬੈਂਚ ਡਿਵੀਜ਼ਨ ਵੱਲੋਂ ਸੁਣਾਏ ਗਏ ਫੈਸਲੇ ਮੁਤਾਬਕ ਹੁਣ ਭਾਰਤੀ ਬੈਂਕ ਮਾਲੀਆ ਦੀ ਇੰਗਲੈਂਡ ਤੇ ਵੇਲਜ਼ ਵਿੱਚ ਬਣੀ ਜਾਇਦਾਦ ਵਿਰੁੱਧ ਕਾਰਵਾਈ ਵਿੱਢ ਸਕਦੇ ਹਨ। ਮਾਲੀਆ ਦੇ ਅਸਾਸਿਆਂ ਉੱਪਰ ਵਿਸ਼ਵ ਪੱਧਰੀ ਰੋਕ ਲੱਗ ਗਈ ਹੈ, ਜਿਸ ਤਹਿਤ ਉਹ ਆਪਣੀ ਸੰਪੱਤੀ ਨਾਲ ਕਿਸੇ ਵੀ ਕਿਸਮ ਦੀ ਛੇੜਛਾੜ ਨਹੀਂ ਕਰ ਸਕਦਾ।

ਬਰਤਾਨਵੀ ਲਾਅ ਫਰਮ ਟੀਐਲਟੀ ਨੇ ਭਾਰਤੀ ਬੈਂਕਾਂ ਵੱਲੋਂ ਪੇਸ਼ ਹੋ ਕੇ ਅਦਾਲਤ ਵਿੱਚ ਪੱਖ ਰੱਖਿਆ ਸੀ। ਫਰਮ ਨਾਲ ਜੁੜੇ ਅਧਿਕਾਰੀ ਪੌਲ ਗੈਰ ਨੇ ਦੱਸਿਆ ਕਿ ਅੱਜ ਦਾ ਫੈਸਲਾ ਨਾ ਸਿਰਫ਼ ਉਨ੍ਹਾਂ ਦੇ ਕਲਾਇੰਟਸ ਲਈ ਮਹੱਤਵਪੂਰਨ ਹੈ, ਬਲਕਿ ਇਹ ਭਾਰਤੀ ਬੈਂਕਾਂ ਤੇ ਕੌਮਾਂਤਰੀ ਬੈਂਕਾਂ ਲਈ ਵੀ ਆਪਣਾ ਮਹੱਤਵ ਰੱਖਦਾ ਹੈ।