Indonesia Earthquake : ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ 'ਚ ਸੋਮਵਾਰ ਨੂੰ ਆਏ ਭੂਚਾਲ ਕਾਰਨ 162 ਲੋਕਾਂ ਦੀ ਮੌਤ ਹੋ ਗਈ, ਜਦਕਿ 700 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਕਈ ਲੋਕ ਅਜੇ ਵੀ ਲਾਪਤਾ ਹਨ। ਭੂਚਾਲ ਤੋਂ ਬਾਅਦ ਹੋਈ ਤਬਾਹੀ ਤੋਂ ਸਥਾਨਕ ਲੋਕ ਡਰੇ ਹੋਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਸੀ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ 'ਤੇ ਭੱਜਣਾ ਪਿਆ।


ਭੂਚਾਲ ਦੇ 25 ਝਟਕੇ

ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਤੇ ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਦੇ ਅਨੁਸਾਰ ਭੂਚਾਲ ਤੋਂ ਬਾਅਦ 25 ਹੋਰ ਝਟਕੇ ਦਰਜ ਕੀਤੇ ਗਏ। ਇਸ ਦੌਰਾਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਭੂਚਾਲ ਦੇ ਝਟਕੇ ਕਾਰਨ ਡਾਕਟਰਾਂ ਨੇ ਮਰੀਜ਼ਾਂ ਨੂੰ ਜਲਦਬਾਜ਼ੀ ਵਿੱਚ ਹਸਪਤਾਲ ਤੋਂ ਬਾਹਰ ਕੱਢਿਆ। ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਡਾਕਟਰਾਂ ਨੇ ਸੁੱਖ ਦਾ ਸਾਹ ਲਿਆ। ਹਾਲਾਂਕਿ ਇਸ ਦੌਰਾਨ ਗੰਭੀਰ ਮਰੀਜ਼ਾਂ ਦਾ ਇਲਾਜ ਠੱਪ ਰਿਹਾ।

 



ਭੂਚਾਲ ਕਾਰਨ ਕਈ ਘੰਟੇ ਬਿਜਲੀ ਗੁੱਲ ਰਹੀ। ਡਰੇ ਹੋਏ ਲੋਕਾਂ ਵਿੱਚ ਬੇਚੈਨੀ ਸੀ ਕਿਉਂਕਿ ਉਹ ਬਿਜਲੀ ਨਾ ਹੋਣ ਕਾਰਨ ਨਿਊਜ਼ ਚੈਨਲਾਂ ਤੋਂ ਅਪਡੇਟ ਪ੍ਰਾਪਤ ਕਰਨ ਵਿੱਚ ਅਸਮਰੱਥ ਸਨ। ਇੰਡੋਨੇਸ਼ੀਆ ਦੀ ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ 25 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ, ਬਚਾਅ ਕਾਰਜ ਰਾਤ ਤੱਕ ਜਾਰੀ ਰਹੇਗਾ। ਸਾਡੀ ਕੋਸ਼ਿਸ਼ ਹਰ ਕਿਸੇ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹੈ।

ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 162 ਹੋ ਗਈ ਹੈ। 2000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਨਾਲ ਹੀ, 5,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੇਂਦਰਾਂ ਵਿੱਚ ਲਿਜਾਇਆ ਗਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਪੱਛਮੀ ਜਾਵਾ ਦੇ ਗਵਰਨਰ ਰਿਦਵਾਨ ਕਾਮਿਲ ਨੇ ਦੱਸਿਆ ਕਿ ਲੋਕ ਡਰੇ ਹੋਏ ਹਨ ਅਤੇ ਰੋ ਰਹੇ ਹਨ। ਹਾਲਾਤ ਆਮ ਵਾਂਗ ਹੋਣ ਵਿੱਚ ਸਮਾਂ ਲੱਗੇਗਾ ਪਰ ਅਸੀਂ ਕੰਮ ਵਿੱਚ ਲੱਗੇ ਹੋਏ ਹਾਂ। ਢਿੱਗਾਂ ਡਿੱਗਣ ਕਾਰਨ ਕਈ ਸੜਕਾਂ ਦੱਬ ਗਈਆਂ ਹਨ, ਜਿਨ੍ਹਾਂ ਨੂੰ ਬੁਲਡੋਜ਼ਰਾਂ ਦੀ ਮਦਦ ਨਾਲ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਇਹ ਸ਼ਹਿਰ ਪਹਾੜੀ ਇਲਾਕਾ ਹੋਣ ਕਾਰਨ ਨਿਸ਼ਚਿਤ ਤੌਰ 'ਤੇ ਬਚਾਅ ਕਰਨ 'ਚ ਕੁਝ ਦਿੱਕਤ ਆ ਰਹੀ ਹੈ।

ਲਾਸ਼ ਦੀ ਸ਼ਨਾਖਤ ਕਰਨੀ ਔਖੀ


ਸਥਿਤੀ ਇਹ ਸੀ ਕਿ ਲੋਕ ਰੋਂਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭ ਰਹੇ ਸਨ। ਤਰਪਾਲ 'ਤੇ ਲਾਸ਼ਾਂ ਪਈਆਂ ਸਨ। ਲੋਕ ਇਸ ਵਿੱਚ ਆਪਣੇ ਜਾਣ-ਪਛਾਣ ਵਾਲਿਆਂ ਨੂੰ ਲੱਭ ਰਹੇ ਸਨ। ਕਾਮਿਲ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਅਜੇ ਵੀ ਕਈ ਲੋਕ ਫਸੇ ਹੋਏ ਹਨ, ਸਮੇਂ ਦੇ ਨਾਲ ਜ਼ਖਮੀਆਂ ਅਤੇ ਮ੍ਰਿਤਕਾਂ ਦੀ ਗਿਣਤੀ ਵਧੇਗੀ।

ਦੁਕਾਨਦਾਰ ਡੀ ਰਿਸਮਾ ਆਪਣੇ ਗਾਹਕਾਂ ਨਾਲ ਗੱਲ ਕਰ ਰਹੀ ਸੀ ਕਿ ਅਚਾਨਕ ਭੂਚਾਲ ਨੇ ਤਬਾਹੀ ਮਚਾ ਦਿੱਤੀ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਝਟਕਾ ਜ਼ੋਰਦਾਰ ਸੀ, ਜਿਸ ਕਾਰਨ ਸੜਕਾਂ 'ਤੇ ਵਾਹਨ ਰੁਕ ਗਏ। ਮੈਨੂੰ ਤਿੰਨ ਵਾਰ ਝਟਕੇ ਮਹਿਸੂਸ ਹੋਏ ਪਰ ਪਹਿਲਾ ਸਭ ਤੋਂ ਤੇਜ਼ ਸੀ। ਮੇਰੀ ਦੁਕਾਨ ਦੇ ਨਾਲ ਵਾਲੀ ਦੁਕਾਨ ਦੀ ਛੱਤ ਡਿੱਗ ਗਈ।

ਸਿਆਨਜੂਰ ਦੇ ਸਥਾਨਕ ਪ੍ਰਸ਼ਾਸਨ ਦੇ ਪ੍ਰਮੁੱਖ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਇਕ ਹਸਪਤਾਲ ਵਿਚ ਹੋਈਆਂ ਜਿੱਥੇ ਮਰੀਜ਼ ਦਾਖਲ ਸਨ ਅਤੇ ਉਹ ਹਸਪਤਾਲ ਖੰਡਰ ਵਿਚ ਬਦਲ ਗਿਆ ਹੈ। ਉਸਨੇ ਇੰਡੋਨੇਸ਼ੀਆਈ ਮੀਡੀਆ ਨੂੰ ਦੱਸਿਆ ਕਿ ਭੂਚਾਲ ਤੋਂ ਬਾਅਦ ਸ਼ਹਿਰ ਦੇ ਸਯਾਂਗ ਹਸਪਤਾਲ ਵਿੱਚ ਬਿਜਲੀ ਨਹੀਂ ਸੀ, ਜਿਸ ਕਾਰਨ ਡਾਕਟਰ ਪੀੜਤਾਂ ਦਾ ਤੁਰੰਤ ਇਲਾਜ ਕਰਨ ਵਿੱਚ ਅਸਮਰੱਥ ਸਨ। ਜਿਸ ਵਿਚ ਕੁਝ ਮਰੀਜ਼ਾਂ ਦੀ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਵੱਡੀ ਗਿਣਤੀ ਕਾਰਨ ਹੋਰ ਸਿਹਤ ਕਰਮਚਾਰੀਆਂ ਦੀ ਫੌਰੀ ਲੋੜ ਸੀ ਪਰ ਹੁਣ ਹਾਲਾਤ ਕਾਬੂ ਹੇਠ ਹਨ।