ਰਮਨਦੀਪ ਕੌਰ 


ਬਰਨਾਲਾਃ ਕੋਰੋਨਾ ਵਾਇਰਸ ਨੇ ਮਨੁੱਖ ਦੀ ਸਿਹਤ ਲਈ ਖ਼ਤਰਾ ਖੜ੍ਹਾ  ਤਾਂ ਕੀਤਾ ਹੈ, ਪਰ ਇਸ ਨਾਲੋਂ ਵੀ ਵੱਡਾ ਖ਼ਤਰਾ ਸਰਕਾਰਾਂ ਵੱਲੋਂ ਲਾਈਆਂ ਪਾਬੰਦੀਆਂ ਤੇ ਰੋਕਾਂ ਹਨ, ਜਿਨ੍ਹਾਂ ਕਰਕੇ ਲੋਕਾਂ ਦਾ ਆਰਥਿਕ ਤਾਣਾ-ਬਾਣਾ ਤਬਾਹੀ ਦੇ ਕੰਢੇ ਆ ਚੁੱਕਿਆ ਹੈ। ਗੱਲ ਭਾਵੇਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੀ ਹੋਵੇ ਭਾਵੇਂ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਵਿਕਸਿਤ ਦੇਸ਼ਾਂ ਦੀ, ਆਮ ਲੋਕਾਂ ਖ਼ਾਸ ਤੌਰ ‘ਤੇ ਕੌਮਾਂਤਰੀ ਵਿਦਿਆਰਥੀ ਤੇ ਪਰਵਾਸੀ ਮਜ਼ਦੂਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਨੌਜਵਾਨ ਆਪਣਾ ਤੇ ਪਰਿਵਾਰ ਦਾ ਭਵਿੱਖ ਸਵਾਰਨ ਲਈ ਵਿਦੇਸ਼ਾਂ ਵਿੱਚ ਗਏ ਪਰ ਕੋਵਿਡ-19 ਵਾਇਰਸ ਨੇ ਉਨ੍ਹਾਂ ਦੀ ਚੰਗੀ ਜ਼ਿੰਦਗੀ ਉੱਪਰ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਸਰਕਾਰੀ ਬੰਦਿਸ਼ਾਂ ਕਾਰਨ ਆਸਟ੍ਰੇਲੀਆ ਵਿੱਚ ਪੜ੍ਹਦੇ ਜਾਂ ਪੜ੍ਹਾਈ ਉਪਰੰਤ ਕੰਮ ਕਰ ਰਹੇ ਸੈਂਕੜੇ ਨੌਜਵਾਨਾਂ ਨੂੰ ਕੋਰੋਨਾ ਦੌਰ ਵਿੱਚ ਆਪਣੇ ਵਤਨ ਦਾ ਦੌਰਾ ਕਰਨਾ ਬੇਹੱਦ ਮਹਿੰਗਾ ਸਾਬਤ ਹੋ ਰਿਹਾ ਹੈ।


ਪਿਛਲੇ ਸਾਲ ਆਸਟ੍ਰੇਲੀਆ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੋਰੋਨਾਵਾਇਰਸ ਕਾਰਨ ਫੈਲੀ ਮਹਾਂਮਾਰੀ ਕਾਰਨ ਮਿਤੀ 19 ਮਾਰਚ 2020 ਤੋਂ ਕੇਵਲ ਆਸਟ੍ਰੇਲੀਆਈ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀ ਹੀ ਦੇਸ਼ ਵਾਪਸ ਪਰਤ ਸਕਣਗੇ। ਇਨ੍ਹਾਂ ਹੁਕਮਾਂ ਕਾਰਨ ਆਸਟ੍ਰੇਲੀਆ ਤੋਂ ਬਾਹਰ ਗਏ ਹੋਏ '485 ਵੀਜ਼ਾ' ਤੇ ਅਸਥਾਈ ਵੀਜ਼ਾ ਧਾਰਕ ਉੱਥੇ ਹੀ ਫਸੇ ਰਹਿ ਗਏ। ਸਿਰਫ ਵੀਜ਼ਾ ਧਾਰਕ ਹੀ ਨਹੀਂ ਸਗੋਂ ਉਨ੍ਹਾਂ ਦੇ ਪਤੀ-ਪਤਨੀ ਤੇ ਬੱਚੇ ਵੀ ਪ੍ਰਭਾਵਿਤ ਹੋਏ। ਪਰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਆਸਟ੍ਰੇਲੀਆਈ ਸਰਕਾਰ ਦੇ ਹੁਕਮ ਜਿਓਂ ਦੇ ਤਿਓਂ ਬਰਕਰਾਰ ਹਨ। ਹਾਲਾਂਕਿ, ਇਸ ਸਮੇਂ ਕੌਮਾਂਤਰੀ ਵਿਦਿਆਰਥੀ ਤਾਂ ਆਨਲਾਈਨ ਕਲਾਸਾਂ ਦੀ ਸੁਵਿਧਾ ਲੈ ਸਕਦੇ ਹਨ ਪਰ ਪੜ੍ਹਾਈ ਪੂਰੀ ਕਰ ਵਰਕ ਪਰਮਿਟ ਧਾਰਕਾਂ ਨੂੰ ਕੋਈ ਰਾਹਤ ਨਹੀਂ ਮਿਲੀ।


ਆਸਟ੍ਰੇਲੀਆ ਸਰਕਾਰ ਦੇ ਅੰਕੜਿਆਂ ਮੁਤਾਬਕ ਮਾਰਚ 2020 ਵਿੱਚ ਇੱਕ ਲੱਖ 60 ਹਜ਼ਾਰ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਦੇਸ਼ ਤੋਂ ਬਾਹਰ ਸਨ, ਜਿਨ੍ਹਾਂ ਵਿੱਚ 12,740 ਭਾਰਤੀ ਵੀ ਸ਼ਾਮਲ ਹਨ। ਬਰਨਾਲਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਅਤੇ ਹੋਰਨਾਂ ਨੌਜਵਾਨਾਂ ਨੇ ਦੱਸਿਆ ਕਿ ਆਰਥਿਕ ਨੁਕਸਾਨ ਨੂੰ ਪਾਸੇ ਰੱਖ ਉਨ੍ਹਾਂ ਨਾਲ ਸਭ ਤੋਂ ਬੁਰਾ ਤਾਂ ਇਹ ਹੋ ਰਿਹਾ ਹੈ ਕਿ ਉਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਲੰਘ ਰਹੀ ਹੈ ਅਤੇ ਸਰਕਾਰ ਨੇ ਉਨ੍ਹਾਂ ਦੇ ਵੀਜ਼ੇ ਵਧਾਉਣ ਬਾਰੇ ਕੋਈ ਵੀ ਗੱਲ ਨਹੀਂ ਕਹੀ। ਨੌਜਵਾਨਾਂ ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ਉੱਪਰ ਹਜ਼ਾਰਾਂ ਡਾਲਰ ਖਰਚ ਚੁੱਕੇ ਹਨ ਅਤੇ ਪੋਸਟ ਸਟੱਡੀ ਵਰਕ ਵੀਜ਼ਾ ਤਹਿਤ ਆਸਟ੍ਰੇਲੀਆ ਸਰਕਾਰ ਨੂੰ ਹਜ਼ਾਰਾਂ ਡਾਲਰ ਟੈਕਸ ਵਜੋਂ ਵੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਘਰਾਂ ਦੇ ਕਿਰਾਏ, ਫ਼ੋਨ-ਇੰਟਰਨੈੱਟ ਦੇ ਬਿਲ ਤੇ ਗੱਡੀਆਂ ਦੇ ਲੋਨ (ਮੌਰਗੇਜ) ਆਦਿ ਸਮੇਤ ਉਨ੍ਹਾਂ ਦੀਆਂ ਕਾਫੀ ਦੇਣਦਾਰੀਆਂ ਹਨ, ਜਿਨ੍ਹਾਂ ਨੂੰ ਉਹ ਆਪਣੀ ਜਮ੍ਹਾਂਪੂੰਜੀ ਅਤੇ ਪਰਿਵਾਰਾਂ ਦੀ ਸਹਾਇਤਾ ਨਾਲ ਪੂਰਾ ਕਰ ਰਹੇ ਹਨ। 


ਆਸਟ੍ਰੇਲੀਆ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹੌਕ ਨੇ ਕਿਹਾ ਸੀ ਕਿ ਕੋਵਿਡ ਰੋਕੂ ਟੀਕਾਕਰਨ ਮੁੰਹਿਮ ਸ਼ੁਰੂ ਹੋਣ ਉਪਰੰਤ ਉਹ ਕੌਮਾਂਤਰੀ ਸਰਹੱਦਾਂ ਖੋਲ੍ਹ ਸਕਦੇ ਹਨ,  ਪਰ 13 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਆਸਟ੍ਰੇਲੀਆ ਸਰਕਾਰ ਨੇ ਅਜਿਹੇ ਵਿਦਿਆਰਥੀਆਂ ਤੇ ਕਾਮਿਆਂ ਨੂੰ ਕੋਈ ਰਾਹਤ ਨਹੀਂ ਦਿੱਤੀ। ਬੀਤੇ ਮਹੀਨੇ ਪੰਜਾਬ ਦੇ ਰਹਿਣ ਵਾਲੇ ਕਈ 485 ਵੀਜ਼ਾਧਾਰਕਾਂ ਨੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਆਸਟ੍ਰੇਲੀਆਈ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਰਾਹਤ ਦਿੱਤੀ ਜਾਵੇ। ਆਸਟ੍ਰੇਲੀਆ ਸਰਕਾਰ ਨੂੰ ਬੇਨਤੀ ਕਿ ਜੋ ਆਰਜ਼ੀ ਵੀਜ਼ਾ ਧਾਰਕ ਸਰਹੱਦੀ ਪਾਬੰਦੀ ਕਰਨ ਬਾਹਰ ਫਸੇ ਹੋਏ ਹਨ ਉਨ੍ਹਾਂ ਦੇ ਵੀਜ਼ੇ ਉਸ ਸਮੇਂ ਤੋਂ ਹੋਲਡ 'ਤੇ ਪਾ ਦਿਤੇ ਜਾਣ ਜਦੋਂ ਤੋਂ ਬਾਰਡਰ ਬੰਦ ਹੋਏ ਸਨ ਤਾਂ ਜੋ ਸਰਹੱਦੀ ਪਾਬੰਦੀਆਂ ਹਟਣ 'ਤੇ ਉਹ ਲੀਹੋ ਲੱਥੀ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰ ਸਕਣ।