ਗਾਜੀ ਸਿਟੀ: ਗਾਜਾ ਪੱਟੀ ਤੇ ਸੋਮਵਾਰ ਤੜਕੇ ਭਾਰੀ ਹਵਾਈ ਹਮਲਿਆਂ ਤੋਂ ਬਾਅਦ ਇਜ਼ਰਾਇਲ ਦੀ ਫੌਜ ਨੇ ਕਿਹਾ ਕਿ ਉਸ ਨੇ ਕੱਟੜਪੰਥੀਆਂ ਵੱਲੋਂ ਬਣਾਈਆਂ ਸੁਰੰਗਾਂ ਦੇ 15 ਕਿਲੋਮੀਟਰ ਲੰਬੇ ਹਿੱਸੇ ਤੇ ਹਮਾਸ ਦੇ 9 ਕਮਾਂਡਰਾਂ ਦੇ ਮਕਾਨਾਂ ਨੂੰ ਤਬਾਹ ਕਰ ਦਿੱਤਾ ਹੈ। ਉੱਥੇ ਹੀ ਅੰਤਰ-ਰਾਸ਼ਟਰੀ ਰਾਜਨਾਇਕ, ਵਿਸ਼ੇਸ਼ ਰੂਪ ਤੋਂ ਯੂਰਪੀ ਸੰਘ ਹਫਤਾ ਭਰ ਤੋਂ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਜੁੱਟੇ ਹਨ। ਇਸ ਜੰਗ ਨੇ ਹੁਣ ਤਕ ਦੋਵਾਂ ਪੱਖਾਂ ਦੇ ਸੈਂਕੜੇ ਲੋਕਾਂ ਦੀ ਜਾਨ ਲਈ ਹੈ।


ਤਾਜ਼ਾ ਹਮਲਿਆਂ 'ਚ ਇਸਲਾਮਿਕ ਜਿਹਾਦ ਕੱਟੜਪੰਥੀ ਸਮੂਹ ਦੇ ਗਾਜਾ ਦੇ ਸਿਖਰਲੇ ਲੀਡਰ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਜ਼ਰਾਇਲੀ ਫੌਜ ਹਾਲ ਹੀ ਦੇ ਦਿਨਾਂ 'ਚ ਉਸ ਦੀ ਸੀਮਾ 'ਚ ਦਾਗੇ ਹਜ਼ਾਰਾਂ ਰਾਕਟਾਂ 'ਚੋਂ ਕੁਝ ਲਈ ਇਸ ਸਮੂਹ ਨੂੰ ਜ਼ਿੰਮੇਵਾਰ ਮੰਨਦੀ ਹੈ।


ਇਜ਼ਰਾਇਲ ਦਾ ਕਹਿਣਾ ਹੈ ਕਿ ਉਹ ਗਾਜਾ 'ਤੇ ਸ਼ਾਸਨ ਕਰਨ ਵਾਲੇ ਕੱਟੜਪੰਥੀ ਸਮੂਹ ਹਮਾਸ ਦੇ ਖਿਲਾਫ ਆਪਣੇ ਹਮਲੇ ਫਿਲਹਾਲ ਜਾਰੀ ਰੱਖਣਾ ਚਾਹੁੰਦਾ ਹੈ ਤੇ ਇਸ ਦਰਮਿਆਨ ਅਮਰੀਕਾ ਨੇ ਸੰਕੇਤ ਦਿੱਤਾ ਹੈ ਕਿ ਸੰਘਰਸ਼ ਵਿਰਾਮ ਲਈ ਉਹ ਦੋਵਾਂ ਪੱਖਾਂ 'ਤੇ ਕੋਈ ਦਬਾਅ ਨਹੀਂ ਪਾਵੇਗਾ।


ਪਰ ਯੂਰਪੀ ਸੰਘ ਦਾ ਕਹਿਣਾ ਹੈ ਕਿ ਇਜ਼ਰਾਇਲ ਦੀ ਫੌਜ ਤੇ ਫਲਸਤੀਨੀ ਕੱਟੜਪੰਥੀਆਂ ਦੇ ਵਿਚ ਜਾਰੀ ਹਿੰਸਕ ਸੰਘਰਸ਼ ਨੂੰ ਰੋਕਣ ਦੇ ਆਪਣੇ ਯਤਨਾਂ ਨੂੰ ਉਹ ਦੁੱਗਣਾ ਕਰੇਗਾ ਤੇ ਮੰਗਲਵਾਰ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਇਸ 'ਤੇ ਚਰਚਾ ਹੋਵੇਗੀ।


ਯੂਰਪੀ ਦੇਸ਼ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨੇ ਸੋਮਵਾਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਫੋਨ 'ਤੇ ਗੱਲ ਕਰਕੇ ਇਜ਼ਰਾਇਲ ਤੇ ਆਤਮ ਰੱਖਿਆ ਦੇ ਦੇਸ਼ ਦੇ ਅਧਿਕਾਰ ਦੇ ਨਾਲ ਜਰਮਨੀ ਦੀ ਇਕਜੁੱਟਤਾ ਦਿਖਾਈ।


ਪੁਲਿਸ ਮੁਤਾਬਕ ਇਜ਼ਰਾਇਲ 'ਚ ਯਹੂਦੀਆਂ ਤੇ ਅਰਬਾਂ ਦੇ ਵਿਚ ਹਿੰਸਾ ਸ਼ੁਰੂ ਹੋ ਗਈ ਹੈ। ਜਿਸ 'ਚ ਕਾਫੀ ਲੋਕ ਜ਼ਖ਼ਮੀ ਹੋ ਗਏ ਹਨ। ਉੱਥੇ ਹੀ ਪਿਛਲੇ ਹਫਤੇ ਲੌਡ ਸ਼ਹਿਰ 'ਚ ਹਮਲੇ 'ਚ ਜ਼ਖ਼ਮੀ ਹੋਏ ਇਕ ਵਿਅਖਤੀ ਦੀ ਸੋਮਵਾਰ ਮੌਤ ਹੋ ਗਈ।


ਗਾਜਾ ਦੇ ਮੇਅਰ ਨੇ ਅਲ ਜਜੀਰਾ ਟੀਵੀ ਨੂੰ ਦੱਸਿਆ ਕਿ ਹਮਲਿਆਂ ਨਾਲ ਸੜਕਾਂ ਤੇ ਹੋਰ ਸੇਵਾਵਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ, 'ਜੇਕਰ ਸੰਘਰਸ਼ ਜਾਰੀ ਰਿਹਾ ਤਾਂ ਸਾਨੂੰ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।'


ਸੰਯੁਕਤ ਰਾਸ਼ਟਰ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਹੈ ਕਿ ਖੇਤਰ ਦੇ ਇਕ ਇਕਮਾਤਰ ਬਿਜਲੀ ਘਰ 'ਚ ਈਂਧਨ ਸਮਾਪਤ ਹੋਣ ਦਾ ਖਤਰਾ ਹੈ ਤੇ ਸਰਾਜ ਨੇ ਦੱਸਿਆ ਕਿ ਗਾਜਾ ਦੇ ਕੋਲ ਮੁਰੰਮਤਲਈ ਕਲ-ਪੁਰਜਿਆਂ ਦੀ ਵੀ ਕਮੀ ਹੈ। ਗਾਜਾ 'ਚ ਪਹਿਲਾਂ ਤੋਂ ਹੀ 8 ਤੋਂ 12 ਘੰਟੇ ਦੀ ਬਿਜਲੀ ਕਟੌਤੀ ਹੋ ਰਹੀ ਹੈ ਤੇ ਉੱਥੋਂ ਨਲਕੇ ਤੋਂ ਆਉਣ ਵਾਲਾ ਪਾਣੀ ਪੀਣ ਲਾਇਕ ਨਹੀਂ ਹੈ।