ਵਾਸ਼ਿੰਗਟਨ: ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਆਪਣੇ ਪਤੀ ਦੀ ਪਹਿਲੀ ਪਤਨੀ ਈਵਾਨ 'ਤੇ ਧਿਆਨ ਆਕ੍ਰਸ਼ਿਤ ਕਰਨ ਤੇ ਸਵਾਰਥ ਲਈ ਸ਼ੋਰ ਮਚਾਉਣ ਦਾ ਇਲਜ਼ਾਮ ਲਾਇਆ ਹੈ। ਈਵਾਨਾ ਨੇ ਆਪਣੀ ਕਿਤਾਬ ਦਾ ਪ੍ਰਚਾਰ ਕਰਦਿਆਂ ਮਜ਼ਾਕੀਆ ਢੰਗ ਨਾਲ ਖੁਦ ਨੂੰ ਫਰਸਟ ਲੇਡੀ ਦੱਸਿਆ ਸੀ।

ਆਪਣੀ ਨਵੀਂ ਕਿਤਾਬ "ਰਾਈਸਿੰਗ ਟਰੰਪ" ਦੇ ਪ੍ਰਚਾਰ ਲਈ ਏਬੀਸੀ ਨਿਊਜ਼ ਨਾਲ ਇੰਟਰਵਿਊ ਵਿੱਚ 68 ਸਾਲ ਦੀ ਈਵਾਨਾ ਟਰੰਪ ਨੇ 45ਵੇਂ ਅਮਰੀਕੀ ਰਾਸ਼ਟਰਪਤੀ ਦੇ ਨਾਲ ਆਪਣੇ ਸਬੰਧਾਂ ਬਾਰੇ ਦੱਸਦਿਆਂ ਹਲਕਾ-ਫੁਲਕਾ ਮਜ਼ਾਕ ਕੀਤਾ ਸੀ। ਉਨ੍ਹਾਂ ਨੇ ਹੱਸਦਿਆਂ ਹੋਈਆਂ ਏਬੀਸੀ ਨਿਊਜ਼ ਨੂੰ ਕਿਹਾ ਕਿ ਮੇਰੇ ਕੋਲ ਵਾਈਟ ਹਾਊਸ ਦਾ ਸਿੱਧਾ ਨੰਬਰ ਹੈ ਪਰ ਮੈਂ ਉਨ੍ਹਾਂ ਨੂੰ ਕਾਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਉੱਥੇ ਮੇਲਾਨੀਆ ਹੈ ਤੇ ਮੈਂ ਸੱਚਮੁੱਚ ਨਹੀਂ ਚਾਹੁੰਦੀ ਕਿ ਉਨ੍ਹਾਂ ਨੂੰ ਜਲਣ ਹੋਵੇ ਕਿਉਂਕਿ ਵੇਖਿਆ ਜਾਵੇ ਤਾਂ ਮੈਂ ਟਰੰਪ ਦੀ ਪਹਿਲੀ ਪਤਨੀ ਹਾਂ, ਠੀਕ ਹੈ? ਮੈਂ ਫਰਸਟ ਲੇਡੀ ਹਾਂ।"

ਸੀਐਨਐਨ ਨੇ ਮੇਲਾਨੀਆ ਦੀ ਬੁਲਾਰੀ ਸਟੇਫਨੀ ਗ੍ਰੀਸ਼ਮ ਦਾ ਬਿਆਨ ਛਾਪਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਿਲਾਨੀਆ ਟਰੰਪ ਨੇ ਵਾਈਟ ਹਾਊਸ ਨੂੰ ਬੇਰਨ ਤੇ ਰਾਸ਼ਟਰਪਤੀ ਲਈ ਘਰ ਬਣਾਇਆ ਹੈ। ਬੇਰਨ ਟਰੰਪ ਦੇ ਛੋਟੇ ਬੇਟੇ ਹਨ। ਇਸ ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਉਨ੍ਹਾਂ ਨੂੰ ਵਾਸ਼ਿੰਗਟਨ ਡੀਸੀ ਵਿੱਚ ਰਹਿਣਾ ਪਸੰਦ ਹੈ ਤੇ ਅਮਰੀਕਾ ਦੀ ਪਹਿਲੀ ਮਹਿਲਾ ਹੋਣ ਦੇ ਨਾਤੇ ਉਹ ਸਨਮਾਨਤ ਮਹਿਸੂਸ ਕਰਦੀ ਹੈ। ਉਹ ਇਸ ਅਹੁਦੇ ਤੇ ਭੂਮਿਕਾ ਦੀ ਵਰਤੋਂ ਬੱਚਿਆਂ ਦੀ ਮਦਦ ਕਰਨ ਲਈ ਕਰੇਗੀ ਨਾ ਕਿ ਕਿਤਾਬਾਂ ਵੇਚਣ ਲਈ।

ਗ੍ਰੀਸ਼ਮ ਨੇ ਕਿਹਾ ਕਿ ਸਾਬਕਾ ਪਤਨੀ ਦੇ ਇਸ ਬਿਆਨ ਵਿੱਚ ਕੋਈ ਦਮ ਨਹੀਂ ਹੈ। ਇਹ ਦੁੱਖ ਵਾਲੀ ਗੱਲ ਹੈ ਤੇ ਮਹਿਜ਼ ਧਿਆਨ ਖਿੱਚਣ ਤੇ ਆਪਣੇ ਸਵਾਰਥ ਲਈ ਦਿੱਤਾ ਗਿਆ ਬਿਆਨ ਹੈ। ਈਵਾਨਾ ਤੇ ਟਰੰਪ ਦਾ ਵਿਆਹ 1979 ਵਿੱਚ ਹੋਇਆ ਸੀ। ਉਨ੍ਹਾਂ ਦਾ ਸਾਲ 1992 ਵਿੱਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਟਰੰਪ ਨੇ ਮੈਪਲ ਨਾਮ ਦੀ ਮਹਿਲਾ ਨਾਲ ਵਿਆਹ ਕੀਤਾ ਸੀ। ਉਸ ਦਾ ਵੀ 6 ਸਾਲ ਬਾਅਦ ਤਲਾਕ ਹੋ ਗਿਆ ਸੀ। ਮਲੇਨੀਆ ਟਰੰਪ ਦੀ ਤੀਜੀ ਪਤਨੀ ਹੈ।