ਨਿਊਯਾਰਕ: ਅਮੇਜ਼ਨ ਦੇ ਕੋ-ਫਾਊਂਡਰ ਜੈੱਫ ਬੇਜੋਸ ਆਧੁਨਿਕ ਇਤਿਹਾਸ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਦੌਲਤ 150 ਅਰਬ ਡਾਲਰ ਦੱਸੀ ਗਈ ਹੈ। ਇਹ ਰਿਪੋਰਟ ਬਲੂਮਬਰਗ ਬਿਲੀਨੇਅਰਸ ਇੰਡੈਕਸ ਵੱਲੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਦੀ ਜਾਇਦਾਦ ਦੁਨੀਆ ਦੇ ਸਭ ਤੋਂ ਧਨੀ ਵਿਅਕਤੀ, ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਸਹਿ-ਸੰਸਥਾਪਕ ਬਿੱਲ ਗੇਟਸ ਤੋਂ 55 ਅਰਬ ਡਾਲਰ ਜ਼ਿਆਦਾ ਹੈ, ਯਾਨੀ ਬੇਜੋਸ ਦੀ ਜਾਇਦਾਦ ਬਿੱਲ ਗੇਟਸ ਤੋਂ ਡੇਢ ਗੁਣਾ ਜ਼ਿਆਦਾ ਹੈ।

ਸਾਲ 1999 ਵਿੱਚ ਕੁਝ ਸਮੇਂ ਲਈ ਬਿਲ ਗੇਟਸ ਦੀ ਜਾਇਦਾਦ 100 ਅਰਬ ਪਾਰ ਕਰ ਗਈ ਸੀ। ਜੇ ਇਸ ਨੂੰ ਅੱਜ ਦੇ ਸਮੇਂ ਤਹਿਤ ਵੇਖਿਆ ਜਾਏ ਤਾਂ ਇਹ ਕਰੀਬ 149 ਅਰਬ ਡਾਲਰ ਹੋਏਗੀ। ਇਸ ਤਰੀਕੇ ਜਦੋਂ ਤੋਂ ਫੋਬਰਸ ਨੇ ਹਰ ਸਾਲ ਅਮੀਰਾਂ ਦੀ ਸੂਚੀ ਪ੍ਰਕਾਸ਼ਿਤ ਕਰਨੀ ਸ਼ੁਰੂ ਕੀਤੀ ਹੈ, ਅਮੇਜ਼ਨ ਦੇ ਸੀਈਓ ਬੇਜੋਸ ਘੱਟੋ-ਘੱਟ ਹੁਣ ਤਕ ਦੇ ਇਤਿਹਾਸ ਵਿੱਚ ਦੁਨੀਆ ਦੇ ਸਭ ਤੋਂ ਦੌਲਤਮੰਦ ਵਿਅਕਤੀ ਬਣ ਗਏ ਹਨ। ਦੱਸਿਆ ਗਿਆ ਹੈ ਕਿ ਬੇਜੋਸ ਦਾ ਇਹ 150 ਅਰਬ ਡਾਲਰ ਦਾ ਅੰਕੜਾ ਕੁਝ ਸਮੇਂ ਲਈ ਹੀ ਰਹਿ ਸਕਦਾ ਹੈ।

ਖ਼ਾਸ ਗੱਲ ਇਹ ਹੈ ਕਿ ਭਾਰਤ ਦੇ ਸਭ ਤੋਂ ਅਮੀਰ ਸ਼ਖ਼ਸ ਮੁਕੇਸ਼ ਅੰਬਾਨੀ ਦੀ ਦੌਲਤ ਇਸ ਵੇਲੇ 40 ਅਰਬ ਡਾਲਰ ਹੈ, ਯਾਨੀ ਬੇਜੋਸ ਦੀ ਜਾਇਦਾਦ ਅੰਬਾਨੀ ਤੋਂ ਚਾਰ ਗੁਣਾ ਜ਼ਿਆਦਾ ਹੈ। ਬੇਜੋਸ ਨੂੰ ਇਸ ਸਾਲ 52 ਅਰਬ ਡਾਲਰ ਦਾ ਵਾਧਾ ਹੋਇਆ ਜੇ ਅਲੀ ਬਾਬਾ ਗਰੁੱਪ ਹੋਲਡਿੰਗ ਲਿਮਟਿਡ ਦੇ ਚੇਅਰਮੈਨ ਜੈਕ ਮਾ ਦੇ ਕੁੱਲ ਮੁੱਲ ਤੋਂ ਕਾਫੀ ਜ਼ਿਆਦਾ ਹੈ। ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਹਨ।

ਅਮੀਰੀ ਪੱਖੋਂ ਜੇ ਕਿਸੇ ਪੂਰੇ ਪਰਿਵਾਰ ਦੀ ਗੱਲ ਕੀਤੀ ਜਾਏ ਤਾਂ 151.5 ਅਰਬ ਡਾਲਰ ਦੀ ਜਾਇਦਾਦ ਨਾਲ ਵਾਲਟਨ ਪਰਿਵਾਰ ਦੁਨੀਆ ਦਾ ਸਭ ਤੋਂ ਵੱਧ ਦੌਲਤਮੰਦ ਪਰਿਵਾਰ ਹੈ।