ਇਸਲਾਮਾਬਾਦ: ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਰਾਵਲਪਿੰਡੀ ਸਥਿਤ ਅਡਿਆਲਾ ਜੇਲ੍ਹ ਵਿੱਚ ਬੇਹੱਦ ਖਰਾਬ ਹਾਲਤ ਵਿੱਚ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਵਾਜ਼ ਨੂੰ ਅਖ਼ਬਾਰ ਤੇ ਬਿਸਤਰੇ ਤੋਂ ਵੀ ਵਾਂਝਾ ਰੱਖਿਆ ਗਿਆ ਹੈ ਤੇ ਉਹ ਬੇਹੱਦ ਗੰਦੇ ਪਖ਼ਾਨੇ ਦਾ ਇਸਤੇਮਾਲ ਕਰ ਰਹੇ ਹਨ। ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਤੇ ਜਵਾਈ ਦੀ ਸਜ਼ਾ ਸਬੰਧਤ ਅਪੀਲ ’ਤੇ ਅੱਜ ਹਾਈਕੋਰਟ ਵਿੱਚ ਸੁਣਵਾਈ ਹੋ ਰਹੀ ਹੈ।

ਨਵੀਜ਼ ਸ਼ਰੀਫ (68) ਤੇ ਉਨ੍ਹਾਂ ਦੀ ਧੀ ਮਰੀਅਮ (44) ਨੂੰ ਸ਼ੁੱਕਰਵਾਰ ਨੂੰ ਲੰਦਨ ਤੋਂ ਲਾਹੌਰ ਪੁੱਜਣ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਜਵਾਬਦੇਹੀ ਅਦਾਲਤ ਨੇ ਉਨ੍ਹਾਂ ਨੂੰ ਲੰਦਨ ਵਿੱਚ ਚਾਰ ਆਲੀਸ਼ਾਨ ਫਲੈਟਾਂ ’ਤੇ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਸਬੰਧੀ ਦੋਸ਼ੀ ਕਰਾਰ ਦਿੱਤਾ ਸੀ। ਗ੍ਰਿਫਤਾਰੀ ਬਾਅਦ ਦੋਵਾਂ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਹੈ।

‘ਡਾਅਨ’ ਦੀ ਖਬਰ ਮੁਤਾਬਕ ਤਿੰਨਾਂ ਦੇ ਵਕੀਲਾਂ ਨੇ ਆਪਣੇ ਮੁਵੱਕਲਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿਰੁੱਧ 7 ਵੱਖ-ਵੱਖ ਅਪੀਲਾਂ ਦਰਜ ਕੀਤੀਆਂ ਹਨ। ਸ਼ਰੀਫ ਵੱਲੋਂ ਤਿੰਨ ਅਤੇ ਮਰੀਅਮ ਤੇ ਉਸ ਦੇ ਪਤੀ ਵੱਲੋਂ ਦੋ-ਦੋ ਅਪੀਲਾਂ ਦਰਜ ਕੀਤੀਆਂ ਗਈਆਂ ਹਨ।