ਲੰਡਨ: ਆਪ੍ਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਸਰਕਾਰ ਦੀ ਭੂਮਿਕਾ ਸਾਹਮਣੇ ਆਉਣ ਦੀ ਆਸ ਬੱਝੀ ਹੈ। ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਐਲਾਨ ਕੀਤਾ ਕਿ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਸਬੰਧੀ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਦੀ ਸੁਤੰਤਰ ਜਾਂਚ ਕਰਵਾਈ ਜਾਵੇਗੀ।
ਗਾਰਡੀਅਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਕੌਰਬਿਨ ਨੇ ਕਿਹਾ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਬਾਰੇ ਜਾਂਚ ਕਰਾਉਣ ਦਾ ਵਾਅਦਾ ਪਾਰਟੀ ਦੇ ਅਗਲੇ ਚੋਣ ਮਨੋਰਥ ਪੱਤਰ ਵਿੱਚ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਚੋਣਾਂ ਵਿੱਚ ਪਾਰਟੀ ਦੀ ਜਿੱਤ ਹੋਈ ਤਾਂ ਨਵੀਂ ਸਰਕਾਰ ਆਪਣਾ ਵਾਅਦਾ ਨਿਭਾਵੇਗੀ।
ਦਰਅਸਲ ਸਿੱਖ ਜਥੇਬੰਦੀਆਂ ਇਸ ਮਸਲੇ ਦੀ ਜਾਂਚ ਕਰਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ। ਇਹ ਸਾਹਮਣੇ ਆਇਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਸਰਕਾਰ ਨੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਭਾਰਤ ਸਰਕਾਰ ਨੂੰ ਸਲਾਹ ਦੇਣ ਲਈ ਸਪੈਸ਼ਲ ਏਅਰ ਸਰਵਿਸ ਅਫ਼ਸਰ ਨਵੀਂ ਦਿੱਲੀ ਭੇਜਿਆ ਸੀ।
ਯਾਦ ਰਹੇ 2014 ਵਿੱਚ ਬ੍ਰਿਟਿਸ਼ ਸਰਕਾਰ 30 ਸਾਲਾ ਨੇਮ ਤਹਿਤ ਗੁਪਤ ਦਸਤਾਵੇਜ਼ ਜਾਰੀ ਕੀਤੇ ਸਨ। ਇਨ੍ਹਾਂ ਤੋਂ ਸੰਕੇਤ ਮਿਲਿਆ ਸੀ ਕਿ ਬ੍ਰਿਟੇਨ ਨੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਭਾਰਤੀ ਬਲਾਂ ਨੂੰ ਫ਼ੌਜੀ ਸਲਾਹ ਦਿੱਤੀ ਸੀ।